ਸੈਂਟਰਲ ਕੋ-ਆਪਰੇਟਿਵ ਬੈਂਕ ਦੀ ਕਾਤਰੋਂ ਬ੍ਰਾਂਚ ’ਚ ਅੱਗ ਲੱਗੀ
ਸ਼ੇਰਪੁਰ, 28 ਮਈ
ਸੈਂਟਰਲ ਕੋਆਪਰੇਟਿਵ ਬੈਂਕ ਦੀ ਬ੍ਰਾਂਚ ਕਾਤਰੋਂ ’ਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਯਾਦ ਰਹੇ ਦੋ-ਦੋ ਪਿੰਡਾਂ ’ਤੇ ਅਧਾਰਤ ਪੰਜ ਕੋ-ਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਹਜ਼ਾਰਾਂ ਕਿਸਾਨਾਂ ਦਾ ਇਸ ਬੈਂਕ ਨਾਲ ਲੈਣ-ਦੇਣ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਪਤਾ ਸਵੇਰੇ ਬੈਂਕ ਖੁੱਲ੍ਹਣ ਮੌਕੇ ਹੀ ਲੱਗਿਆ ਜਿਸ ਮਗਰੋਂ ਮੈਨੇਜਰ ਬਲਵਿੰਦਰ ਸਿੰਘ ਤੇ ਸਟਾਫ਼ ਨੇ ਥਾਣਾ ਸਦਰ ਧੂਰੀ ਵਿੱਚ ਜਾਣਕਾਰੀ ਦਿੱਤੀ। ਅੱਗ ਕਾਰਨ ਦੋ ਕੰਪਿਊਟਰ, ਦੋ ਏਸੀ, ਕੈਸ਼ ਕਾਊਂਟਿੰਗ ਮਸ਼ੀਨ, ਕੈਸ ਕਾਊਂਟਰ ਫਰਨੀਚਰ ਸਮੇਤ ਬੈਂਕ ਦਾ ਹੋਰ ਫਰਨੀਚਰ ਅੱਗ ਨਾਲ ਨੁਕਸਾਨਿਆ ਗਿਆ ਜਦੋਂਕਿ ਦੂਜੇ ਕਮਰੇ ’ਚ ਪਏ ਬੈਂਕ ਦੇ ਲਿਖਤੀ ਰਿਕਾਰਡ ਅਤੇ ਨਕਦੀ ਦਾ ਬਚਾਅ ਹੋ ਗਿਆ। ਸੈਂਟਰਲ ਕੋ-ਆਪਰੇਟਿਵ ਬੈਂਕ ਦੇ ਬੋਰਡ ਦੇ ਡਾਇਰੈਕਟਰ ਅਵਤਾਰ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਕਾਤਰੋਂ ਦੀ ਇਸ ਬੈਂਕ ਸਬੰਧੀ ਉਹ ਬੋਰਡ ਮੀਟਿੰਗ ਵਿੱਚ ਡੇਢ ਸਾਲ ਤੋਂ ਇਹ ਗੱਲ ਰੱਖਦੇ ਆਏ ਹਨ ਕਿ ਬੈਂਕ ਖਰੀਦ ਕੇਂਦਰ ਫੜ ਤੋਂ ਬਹੁਤ ਨੀਵੀਂ ਹੈ, ਜਿਸ ਅੰਦਰ ਬਰਸਾਤ ਦਾ ਪਾਣੀ ਵੜ ਜਾਂਦਾ ਹੈ ਅਤੇ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਨਵੀਨੀਕਾਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਠੋਸ ਕਾਰਵਾਈ ਨਾ ਕਰਨ ਦੇ ਮਾਮਲੇ ਦੀ ਡੂੰਘੀ ਜਾਂਚ ਹੋਣੀ ਚਾਹੀਦੀ ਹੈ।
ਬੈਂਕ ਮੈਨੇਜਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਿਪੋਰਟ ਦੇਣ ਲਈ ਸਦਰ ਥਾਣਾ ਗਏ ਸਨ ਜਿੱਥੇ ਸਬੰਧਤ ਪੁਲੀਸ ਨੇ ਕਾਰਵਾਈ ਤੋਂ ਪਹਿਲਾਂ ਮੌਕਾ ਦੇਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸਿਸਟਮ ਫਿੱਟ ਹੋਣ ਨੂੰ ਇੱਕ ਦੋ ਦਿਨ ਲੱਗ ਸਕਦੇ ਹਨ। ਉਂਝ, ਉਹ ਛੇਤੀ ਹੀ ਮੁੜ ਕੰਮ ਸ਼ੁਰੂ ਕਰਨ ਲਈ ਚਾਰਾਜੋਈ ਕਰ ਰਹੇ ਹਨ।
ਬੀਤੀ ਰਾਤ ਅੱਗ ਲੱਗੇ ਹੋਣ ਦੇ ਬਾਵਜੂਦ ਸ਼ਾਮ ਪੌਣੇ ਚਾਰ ਵਜੇ ਤੱਕ ਸਦਰ ਪੁਲੀਸ ਨਹੀਂ ਪਹੁੰਚੀ ਸੀ। ਏਐੱਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਰਿਪੋਰਟ ਲੇਟ ਪੁੱਜੀ ਹੈ ਤੇ ਉਹ ਅਫ਼ਸਰਾਂ ਤੋਂ ਪੁੱਛ ਕੇ ਮੌਕਾ ਦੇਖਣ ਜਾਣਗੇ।