ਸੇਵਾਮੁਕਤ ਮੁਲਾਜ਼ਮਾਂ ਨੇ ਫੂਕੇ ਪਾਵਰਕੌਮ ਪ੍ਰਬੰਧਕਾਂ ਦੇ ਪੁਤਲੇ
ਪੱਤਰ ਪ੍ਰੇਰਕ
ਮਾਨਸਾ, 6 ਫਰਵਰੀ
ਪੈਨਸ਼ਨਰਜ ਐਸੋਸੀਏਸ਼ਨ ਪੀਐਸਪੀਸੀਐਲ ਮਾਨਸਾ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਕਾਂ ਦੀ ਅਰਥੀ ਸਾੜਦਿਆਂ 15 ਨੂੰ ਜ਼ਿਲ੍ਹਾ ਪੱਧਰ ‘ਤੇ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਨੇ ਦੋਸ਼ ਲਾਏ ਕਿ ਸਰਕਾਰ ਅਤੇ ਮਨੇਜਮੈਂਟ ਵੱਲੋਂ ਉਨ੍ਹਾਂ ਦੇ ਮਸਲੇ ਨੂੰ ਹੱਲ ਕਰਨ ਦੀ ਬਜਾਇ ਲਾਰਿਆਂ-ਲੱਪਿਆਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ ਗਿਆ ਹੈ।
ਐਸੋਸੀਏਸ਼ਨ ਦੇ ਸਕੱਤਰ ਮਨਿੰਦਰ ਸਿੰਘ ਜਵਾਹਰਕੇ ਨੇ ਮੰਗ ਕੀਤੀ ਕਿ ਨਵੀਂ ਪੈਨਸ਼ਨ ਲਈ, ਜੋ 2.45 ਦੇ ਗੁਣਾਂਕ ਨਾਲ ਪੈਨਸ਼ਨਾਂ ਫਿਕਸ ਕੀਤੀਆਂ ਹਨ, ਉਹ ਜਥੇਬੰਦੀ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਕਾਂਗਰਸ ਸਰਕਾਰ ਦੇ ਮੰਤਰੀਆਂ ਦੀ ਸਬ-ਕਮੇਟੀ ਨੇ ਸਹਿਮਤੀ ਦਿੱਤੀ ਸੀ ਕਿ ਮੁਲਾਜ਼ਮਾਂ ਨੂੰ 2.59 ਦਾ ਫੈਕਟਰ ਲਗਾ ਕੇ ਪੈਨਸ਼ਨਾਂ ਫਿਕਸ ਕੀਤੀਆਂ ਜਾਣਗੀਆਂ, ਇਹ ਫੈਕਟਰ 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ‘ਤੇ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਕਾਏ ਦੀਆਂ ਕਿਸ਼ਤਾਂ ਦੇਣ ਦਾ ਭਰੋਸਾ ਤੱਕ ਨਹੀਂ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਹਜ਼ਾਰਾਂ ਰਿਟਾਇਰੀਆਂ ਦੇ ਨਵੇਂ ਪੀਪੀਓ ਮਾਮੂਲੀ ਇਤਰਾਜ਼ ਲਾ ਕੇ ਰੋਕ ਰੱਖੇ ਹਨ।