ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਜਾਂਚ
ਰਵਿੰਦਰ ਰਵੀ/ਪ੍ਰਸ਼ੋਤਮ ਬੱਲੀ
ਬਰਨਾਲਾ, 20 ਦਸੰਬਰ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਜ਼ਿਲ੍ਹੇ ਦੇ ਸਕੂਲੀ ਬੱਸਾਂ ਦੀ ਪੜਤਾਲ ਟਰੈਫ਼ਿਕ ਪੁਲੀਸ ਤੇ ਬਾਲ ਸੁਰੱਖਿਆ ਅਧਿਕਾਰੀਆਂ ਵੱਲੋਂ ਕੀਤੀ ਗਈ। ਪੜਤਾਲੀਆ ਟੀਮ ਵੱਲੋਂ ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਬੀਬੀਐੱਮ ਇੰਟਰਨੈਸ਼ਨਲ ਸਕੂਲ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਅਤੇ ਹੋਰ ਕਈ ਸਕੂਲਾਂ ਦੀਆਂ ਬੱਸਾਂ ਦੀ ਪੜਤਾਲ ਕੀਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋ ਸਮੇਂ-ਸਮੇਂ ’ਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਕੂਲ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਇਨ੍ਹਾਂ ’ਚ ਮੁਖ ਤੌਰ ’ਤੇ ਸੀ.ਸੀ.ਟੀ.ਵੀ ਕੈਮਰਾ, ਖਿੜਕੀ ’ਤੇ ਲੋਹੇ ਦੀ ਗਰਿੱਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਅੱਗ ਬੁਝਾਊ ਯੰਤਰ, ਲਾਇਸੰਸ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪੜਤਾਲੀਆ ਟੀਮ ’ਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਗੁਰਜੀਤ ਕੌਰ, ਰੁਪਿੰਦਰ ਸਿੰਘ ਬਾਲ ਸੁਰੱਖਿਆ ਅਫਸਰ (ਆਈ.ਸੀ) ਅਤੇ ਬਰਜਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਨੀਰਜ ਕੁਮਾਰ ਸਿੰਗਲਾ ਜ਼ਿਲ੍ਹਾ ਕਆਰਡੀਨੇਟਰ ਟਰੈਫ਼ਿਕ ਇੰਚਾਰਜ ਰਣਧੀਰ ਸਿੰਘ ਅਤੇ ਗੁਰਚਰਨ ਸਿੰਘ ਨੇ ਡਰਾਈਵਰਾਂ ਨੂੰ ਕਿਹਾ ਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਪਾਲਿਸੀ ਤਹਿਤ ਜੋ ਵੀ ਨਿਯਮ ਹਨ ਉਹ ਜਲਦ ਤੋਂ ਜਲਦ ਪੂਰਾ ਕਰਨ।