ਸੂਰੀ ਇਲੈਵਨ ਦੀ ਟੀਮ ਸੈਮੀਫਾਈਨਲ ਵਿੱਚ ਪੁੱਜੀ
ਪੱਤਰ ਪ੍ਰੇਰਕ
ਪਠਾਨਕੋਟ, 22 ਦਸੰਬਰ
ਗਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਪ੍ਰਧਾਨ ਇੰਦਰਜੀਤ ਗੁਪਤਾ, ਡਾ. ਗੁਰਬਖਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ ਦੀ ਅਗਵਾਈ ਵਿੱਚ ਇੱਥੇ ਕਰਵਾਏ ਜਾ ਰਹੇ ਓਪਨ ਪੰਜਾਬ ਕ੍ਰਿਕਟ ਕ੍ਰਿਸਮਸ ਕੱਪ ਟੂਰਨਾਮੈਂਟ ਵਿੱਚ ਅੱਜ ਕੁਆਰਟਰ ਫਾਈਨਲ ਮੈਚ ਸੂਰੀ ਇਲੈਵਨ ਅਤੇ ਗੁਰਦਾਸਪੁਰ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸਹਿਕਾਰ ਭਾਰਤੀ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਰਵਿੰਦਰ ਠਾਕੁਰ ਅਤੇ ਬਾਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਗੌਰਵ ਠਾਕੁਰ ਤੇ ਰਮੇਸ਼ ਵਿਸ਼ੰਬੂ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਮੈਚ ਸ਼ੁਰੂ ਕਰਵਾਇਆ।
ਕਲੱਬ ਦੇ ਪ੍ਰੈਸ ਸਕੱਤਰ ਸੰਜੇ ਸਰੀਨ ਅਨੁਸਾਰ ਸੂਰੀ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਕੁੱਲ 189 ਦੌੜਾਂ ਬਣਾਈਆਂ ਜਦਕਿ ਇਸ ਦਾ ਪਿੱਛਾ ਕਰਦਿਆਂ ਗੁਰਦਾਸਪੁਰ ਇਲੈਵਨ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ 166 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਸੂਰੀ ਇਲੈਵਨ ਦੀ ਟੀਮ 23 ਦੌੜਾਂ ਦੇ ਅੰਤਰ ਨਾਲ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਗਈ। ਸੂਰੀ ਇਲੈਵਨ ਦੇ ਖਿਡਾਰੀ ਸੁਖਮਨ ਨੂੰ 4 ਓਵਰਾਂ ਵਿੱਚ 26 ਦੌੜਾਂ ਦੇ ਕੇ 4 ਵਿਕਟਾਂ ਲੈਣ ਕਰ ਕੇ ‘ਮੈਨ ਆਫ ਦਿ ਮੈਚ’ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਸੁਰਿੰਦਰ ਕਾਲੀਆ, ਸੁਰਿੰਦਰ ਸੈਣੀ, ਮਨੋਜ ਅਰੋੜਾ, ਐਡਵੋਕੇਟ ਰਮਨ ਮਹਾਜਨ, ਰਾਕੇਸ਼ ਮਹਾਜਨ, ਐਡਵੋਕੇਟ ਰਾਜਿੰਦਰ ਸ਼ਰਮਾ ਤੇ ਅਵਿਨਾਸ਼ ਠਾਕੁਰ ਹਾਜ਼ਰ ਸਨ।