ਸੂਬੇ ’ਚ ਵਕਫ਼ ਕਾਨੂੰਨ ਤੋਂ ਘਬਰਾਉਣ ਦੀ ਲੋੜ ਨਹੀਂ: ਮਮਤਾ
ਕੋਲਕਾਤਾ, 9 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਕਿਹਾ ਕਿ ਵਕਫ਼ (ਸੋਧ) ਕਾਨੂੰਨ ਕਾਰਨ ਮੁਸਲਮਾਨ ਦੁਖੀ ਹਨ ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਘੱਟ ਗਿਣਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੂਬੇ ਵਿੱਚ ਉਨ੍ਹਾਂ ਦੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਰਾਖੀ ਕਰਨਗੇ। ਇੱਥੇ ਜੈਨ ਸਮਾਗਮ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਹ ਬੰਗਾਲ ਵਿਚ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਲਾਗੂ ਨਹੀਂ ਹੋਣ ਦੇਣਗੇ।
ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਵਕਫ਼ (ਸੋਧ) ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ, ‘ਮੈਂ ਜਾਣਦੀ ਹਾਂ ਕਿ ਤੁਸੀਂ ਵਕਫ਼ ਕਾਨੂੰਨ ਕਾਰਨ ਦੁਖੀ ਹੋ। ਭਰੋਸਾ ਰੱਖੋ, ਬੰਗਾਲ ਵਿੱਚ ਵੰਡੋ ਤੇ ਰਾਜ ਕਰੋ ਦੀ ਨੀਤੀ ਨਹੀਂ ਚੱਲੇਗੀ। ਸਾਰਿਆਂ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਦਿਓ। ਜੀਓ ਅਤੇ ਜਿਊਣ ਦਿਓ। ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।’
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲੋਕਾਂ ਵੱਲ ਧਿਆਨ ਨਾ ਦੇਣ, ਜੋ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਭੜਕਾ ਰਹੇ ਹਨ। ਉਨ੍ਹਾਂ ਕਿਹਾ, ‘ਕੁਝ ਲੋਕ ਹਨ ਜੋ ਤੁਹਾਨੂੰ ਰਾਜਨੀਤਕ ਤੌਰ ’ਤੇ ਭੜਕਾਉਂਦੇ ਹਨ, ਤੁਹਾਨੂੰ ਇਕੱਠੇ ਹੋਣ ਅਤੇ ਅੰਦੋਲਨ ਸ਼ੁਰੂ ਕਰਨ ਲਈ ਉਕਸਾਉਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਾਂਗੀ। ਕਿਰਪਾ ਕਰਕੇ ਯਾਦ ਰੱਖੋ ਕਿ ਜਦੋਂ ਦੀਦੀ (ਮਮਤਾ) ਇੱਥੇ ਹੋਵੇਗੀ, ਉਹ ਤੁਹਾਡੀ ਅਤੇ ਤੁਹਾਡੀਆਂ ਜਾਇਦਾਦਾਂ ਦੀ ਰਾਖੀ ਕਰੇਗੀ। ਸਾਨੂੰ ਇੱਕ-ਦੂਜੇ ’ਤੇ ਭਰੋਸਾ ਕਰਨਾ ਪਵੇਗਾ। ਇਕਜੁੱਟ ਹੋ ਕੇ ਅਸੀਂ ਦੁਨੀਆ ਜਿੱਤ ਸਕਦੇ ਹਾਂ।’ -ਪੀਟੀਆਈ