ਸੂਬੇ ’ਚ ਲਾਏ ਜਾਣਗੇ ਸਾਢੇ ਤਿੰਨ ਕਰੋੜ ਬੂਟੇ: ਕਟਾਰੂਚੱਕ
ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਕੁਰਾਲੀ/ਮੁੱਲਾਂਪੁਰ ਗਰੀਬਦਾਸ, 3 ਜੂਨ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਪੱਲਣਪੁਰ ਵਿੱਚ ਮੁਰੰਮਤ ਕੀਤੀ ਇੰਸਪੈਕਸ਼ਨ ਹੱਟ ਦਾ ਉਦਘਾਟਨ ਕੀਤਾ। ਇਸ ’ਤੇ ਲਗਪਗ 70 ਲੱਖ ਰੁਪਏ ਦੀ ਲਾਗਤ ਆਈ ਹੈ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਮਿਰਜ਼ਾਪੁਰ ਵਿੱਚ ਰੈਸਟ ਹਾਊਸ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ। ਇਸ ਇੰਸਪੈਕਸ਼ਨ ਹੱਟ ਦੇ ਪਿਛਲੇ ਪਾਸੇ ਇੱਕ ਹਰਿਆ-ਭਰਿਆ ਕੁਦਰਤੀ ਮਾਰਗ ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਇਸ ਸਾਲ ਫਲਦਾਰ ਰੁੱਖਾਂ ਦੇ 3.50 ਕਰੋੜ ਬੂਟੇ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ 378 ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਪੱਕੇ ਨਿਯੁਕਤੀ ਪੱਤਰ ਦੇਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜੰਗਲਾਤ ਵਿਭਾਗ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ।