ਸੂਬੇ ’ਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ: ਅਗਰਵਾਲ
ਸ਼ਗਨ ਕਟਾਰੀਆ
ਜੈਤੋ, 17 ਜੂਨ
ਹਲਕਾ ਜੈਤੋ ਲਈ ਕਾਂਗਰਸ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਕੋ-ਆਰਡੀਨੇਟਰ ਕੇ ਕੇ ਅਗਰਵਾਲ ਦੀ ਅੱਜ ਤਾਜਪੋਸ਼ੀ ਹੋਈ। ਇਹ ਰਸਮ ਜ਼ਿਲ੍ਹਾ ਕਾਂਗਰਸ ਫ਼ਰੀਦਕੋਟ ਵੱਲੋਂ ਇੱਥੇ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਹੋਈ। ਗੌਰਤਲਬ ਹੈ ਕਿ ਸ੍ਰੀ ਅਗਰਵਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਹਨ ਅਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਰਹਿ ਚੁੱਕੇ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਕਾਲ ਦੌਰਾਨ ਪੰਜਾਬ ਅੰਦਰ ਅਰਾਜਕਤਾ ਵਧਣ ਕਰ ਕੇ ਪੰਜਾਬੀ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਉਨ੍ਹਾਂ ਭਾਜਪਾ ’ਤੇ ਫ਼ਿਰਕੂ ਸਿਆਸਤ ਦੀ ਖੇਡ ਖੇਡਣ ਦਾ ਦੋਸ਼ ਲਾਉਂਦਿਆਂ ਕਿ ਸਰਬੱਤ ਦਾ ਭਲਾ ਚਾਹੁਣ ਵਾਲੇ ਪੰਜਾਬੀ ਭਾਜਪਾ ਦੀ ਝੋਲੀ ਕਦੇ ਵੀ ਖ਼ੈਰ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵੀ ਲੈਣਾ ਪਸੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕੋ-ਇੱਕ ਅਜਿਹੀ ਪਾਰਟੀ ਹੈ, ਜੋ ਪੰਜਾਬ ਦੀ ਬਿਹਤਰੀ ਲਈ ਹਮੇਸ਼ਾ ਅੱਗੇ ਹੋ ਕੇ ਲੜਦੀ ਆਈ ਹੈ।
ਇਸ ਤੋਂ ਪਹਿਲਾਂ ਸ੍ਰੀ ਅਗਰਵਾਲ ਦਾ ਸਮਾਗਮ ’ਚ ਇਕੱਠੇ ਹੋਏ ਹਲਕੇ ਦੇ ਤਿੰਨੋਂ ਬਲਾਕਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਸਵਾਗਤ ਕੀਤਾ। ਇਨ੍ਹਾਂ ਵਿੱਚ ਪੀਪੀਸੀਸੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਜ਼ਿਲ੍ਹਾ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ (ਬੱਬੂ ਬਰਾੜ), ਹਲਕਾ ਜੈਤੋ ਤੋਂ ਪਾਰਟੀ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਪਾਰਟੀ ਬੁਲਾਰੇ ਗੁਰਸੇਵਕ ਜੈਤੋ, ਵਿਕਾਸ ਕੁਮਾਰ ਡੋਡ, ਸਾਬਕਾ ਪੀਪੀਸੀਸੀ ਮੈਂਬਰ ਮਿਹਰ ਸਿੰਘ ਕਰੀਰਵਾਲੀ, ਹਰਨੇਕ ਸਿੰਘ ਮੱਲਾ, ਭੁਪਿੰਦਰ ਸਿੰਘ, ਪਰਮਜੀਤ ਅਜਿਤਗਿੱਲ, ਰਣਬੀਰ ਪਵਾਰ, ਯੁੱਧਵੀਰ ਢਿੱਲਵਾਂ ਕਲਾਂ, ਪ੍ਰਭਜੀਤ ਬਰਾੜ ਬਾਜਾਖਾਨਾ, ਗੁਰਤੇਜ ਸਿੰਘ ਦਬੜ੍ਹੀਖਾਨਾ, ਨਹਿਰੂ ਬਰਾੜ, ਸੁਰਜੀਤ ਅਰੋੜਾ, ਸੱਤਾ ਭਾਊ, ਵਿਨੀਤ ਆਸ਼ੂ ਮਿੱਤਲ, ਹਰਸੰਗੀਤ ਹੈਪੀ ਸਮੇਤ ਕਈ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।