ਸੂਬੇ ’ਚੋਂ ਅੱਵਲ ਪਿੰਡ ਬੱਲ੍ਹੋ ਦਾ ‘ਵਿਕਾਸ ਮਾਡਲ’ ਦੇਖਣਗੇ ਮਾਨ
ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚੋਂ ਅੱਵਲ ਆਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦਾ ‘ਵਿਕਾਸ ਮਾਡਲ’ ਦੇਖਣਗੇ। ਅੱਜ ਪੰਚਾਇਤੀ ਦਿਵਸ ਦੇ ਮੌਕੇ ’ਤੇ ਜਦੋਂ ਪੰਚਾਇਤ ਮੈਂਬਰਾਂ ਨੇ ਬੱਲ੍ਹੋ ਦੇ ਵਿਕਾਸ ਮਾਡਲ ’ਤੇ ਚਰਚਾ ਕੀਤੀ ਤਾਂ ਮੁੱਖ ਮੰਤਰੀ ਨੇ ਮੌਕੇ ’ਤੇ ਹੀ ਐਲਾਨ ਕਰ ਦਿੱਤਾ ਕਿ ਉਹ 6 ਮਈ ਨੂੰ ਪਿੰਡ ਬੱਲ੍ਹੋ ਦਾ ਦੌਰਾ ਕਰਨਗੇ ਅਤੇ ਪੰਚਾਇਤ ਵੱਲੋਂ ਕੀਤੇ ਕੰਮਾਂ ਨੂੰ ਦੇਖਣਗੇ। ਮੁੱਖ ਮੰਤਰੀ ਨੇ 6 ਮਈ ਨੂੰ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੰਡ ਬੱਲ੍ਹੋ ਵਿੱਚ ਸੱਦਿਆ। ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸਮਿਤੀ ਜਿਸ ਦੇ ਸਹਿਯੋਗ ਨਾਲ ਪੰਚਾਇਤ ਕੰਮ ਕਰ ਰਹੀ ਹੈ, ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਇੱਥੇ ਹੋਏ ਸੂਬਾਈ ਸਮਾਗਮ ਵਿੱਚ ਪਿੰਡ ਦੇ ਵਿਕਾਸ ਬਾਰੇ ਦੱਸਿਆ। ਇਸ ਦੌਰਾਨ ਹੋਰਨਾਂ ਪਿੰਡਾਂ ਦੇ ਸਰਪੰਚਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਪੰਚਾਇਤ ਐਡਵਾਂਸ ਇੰਡੈਕਸ ਵਿੱਚ ਸਥਾਈ ਵਿਕਾਸ ਟੀਚਿਆਂ ਦੇ 9 ਵਿਸ਼ਿਆਂ ਵਿੱਚੋਂ ਅੱਵਲ ਆਉਣ ਵਾਲੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।
ਜ਼ਿਲ੍ਹਾ ਰੂਪਨਗਰ ਦੇ ਪਿੰਡ ਦੌਲੇਵਾਲਾ ਅੱਪਰਲਾ ਨੂੰ ‘ਗ਼ਰੀਬ ਮੁਕਤ ਪਿੰਡ’ ਵਜੋਂ ਅਤੇ ਇਸ ਜ਼ਿਲ੍ਹੇ ਦੇ ਪਿੰਡ ਗੰਭੀਰਪੁਰ ਨੂੰ ‘ਸਮਾਜਿਕ ਸੁਰੱਖਿਅਤ ਪਿੰਡ’ ਵਜੋਂ ਸਨਮਾਨਿਆ। ਹੁਸ਼ਿਆਰਪੁਰ ਦੇ ਪਿੰਡ ਨੰਗਲ ਕਲਾਲਾਂ ਨੂੰ ‘ਸਿਹਤਮੰਦ ਪਿੰਡ’, ਕਪੂਰਥਲਾ ਦੇ ਪਿੰਡ ਅਹਿਮਦਪੁਰ ਨੂੰ ‘ਬਾਲ ਮਿੱਤਰ ਪਿੰਡ’, ਪਟਿਆਲਾ ਦੇ ਮੋਹੀ ਕਲਾਂ ਨੂੰ ‘ਪਾਣੀ ਭਰਪੂਰ ਪਿੰਡ’, ਇਸੇ ਜ਼ਿਲ੍ਹੇ ਦੇ ਲਊਟ ਨੂੰ ‘ਸਵੱਛਤਾ ਤੇ ਹਰਿਆਲੀ ਭਰਪੂਰ ਪਿੰਡ’, ਪਠਾਨਕੋਟ ਦੇ ਪਿੰਡ ਪਰਮਾਨੰਦ ਨੂੰ ‘ਚੰਗੇ ਸ਼ਾਸਨ ਵਾਲਾ ਪਿੰਡ’, ਅੰਮ੍ਰਿਤਸਰ ਦੇ ਪਿੰਡ ਕੋਟਲੀ ਢੋਲੇ ਸ਼ਾਹ ਨੂੰ ‘ਮਹਿਲਾਵਾਂ ਦੇ ਅਨੁਕੂਲ ਪਿੰਡ’ ਅਤੇ ਬਠਿੰਡਾ ਦੇ ਪਿੰਡ ਬੱਲ੍ਹੋ ਨੂੰ ‘ਸਵੈ ਨਿਰਭਰ ਬੁਨਿਆਦੀ ਢਾਂਚਾ ਪਿੰਡ’ ਵਜੋਂ ਸਨਮਾਨਿਆ ਗਿਆ।
ਮੁੱਖ ਮੰਤਰੀ ਨੇ ਮੋਰਿੰਡਾ ਦੇ ਮਾਤਾ ਸਾਹਿਬ ਕੌਰ ਹੈਲਪ ਗਰੁੱਪ, ਲੁਧਿਆਣਾ ਦੇ ਬਲੈਸਿੰਗ ਐੱਸਐੱਚਜੀ ਗਰੁੱਪ, ਦੋਰਾਹਾ ਦੇ ਪਵਨ ਅਜੀਵਿਕਾ ਗਰੁੱਪ, ਪਟਿਆਲਾ ਦੇ ‘ਨਵੀਂ ਕਿਰਨ’ ਗਰੁੱਪ ਅਤੇ ਸੁਨਾਮ ਦੇ ‘ਕਿਰਤ’ ਗਰੁੱਪ ਨੂੰ ਵੀ ਸਨਮਾਨ ਦਿੱਤਾ। ਅੱਜ ਇਨ੍ਹਾਂ ਗਰੁੱਪਾਂ ਵੱਲੋਂ ਪ੍ਰਦਰਸ਼ਨੀ ਵੀ ਲਾਈ ਗਈ ਸੀ। ਇਸੇ ਤਰ੍ਹਾਂ ਸਰਬਸੰਮਤੀ ਵਾਲੀਆਂ ਪੰਚਾਇਤਾਂ ’ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਰੌਦਾ, ਨੰਦਗੜ੍ਹ, ਸੰਤੋਖਪੁਰਾ, ਗੁਰੂ ਤੇਗ ਬਹਾਦਰ ਆਬਾਦੀ ਹਰਿਆਊ, ਨਾਨਕੁਪਰਾ ਤੇ ਮੁਹੰਮਦਪੁਰ ਰਸਾਲਦਾਰ ਛੰਨਾ ਤੋਂ ਇਲਾਵਾ ਲੁਧਿਆਣਾ ਦੇ ਪਿੰਡ ਅਸਗੀਰਪੁਰ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ।
ਮੁੱਖ ਮੰਤਰੀ ਵੱਲੋਂ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਦੇ ਪੁਰਾਣੇ ਮੈਗਜ਼ੀਨ ‘ਸਾਡੇ ਪਿੰਡ’ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਅਤੇ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਸਮਾਗਮਾਂ ਦੇ ਪ੍ਰਬੰਧਾਂ ’ਚ ਅਗਵਾਈ ਕੀਤੀ। ਅੱਜ ਦੇਰ ਸ਼ਾਮ ਬਠਿੰਡਾ ਦੇ ਪਿੰਡ ਬੱਲ੍ਹੋ ’ਚ ਪੰਚਾਇਤ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਅਤੇ ਇਸ ਮੌਕੇ ਲੋਕਾਂ ਨੇ ਸਰਪੰਚ ਦੇ ਹਾਰ ਪਾਏ। ਗੁਰਬਚਨ ਸਿੰਘ ਸੇਵਾ ਸਮਿਤੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਸਮੁੱਚੀ ਪੰਚਾਇਤ ਨੂੰ ਮੁਬਾਰਕਬਾਦ ਦਿੱਤੀ।