ਸੂਬਾ ਤੇ ਕੇਂਦਰ ਸਰਕਾਰਾਂ ਨੇ ਕਿਸਾਨਾਂ, ਮਜ਼ਦੂਰਾਂ ਤੇ ਦਲਿਤਾਂ ਦੀ ਅਣਦੇਖੀ ਕੀਤੀ: ਬਸਪਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 14 ਜਨਵਰੀ
ਮਾਘੀ ਮੇਲੇ ਮੌਕੇ ਬਸਪਾ ਨੇ ਤਲਵੰਡੀ ਸਾਬੋ ਵਿੱਚ ਰਾਜਸੀ ਕਾਨਫਰੰਸ ਕਰਕੇ ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕਿਸਾਨਾਂ-ਮਜ਼ਦੂਰਾਂ ਤੇ ਦਲਿਤ ਵਰਗ ਦੀ ਅਣਦੇਖੀ ਕਰਨ ਦੇ ਦੋਸ਼ ਲਾਏ, ਉੱਥੇ ਦੂਜੀਆਂ ਰਾਜਸੀ ਧਿਰਾਂ ’ਤੇ ਵੀ ਇਨ੍ਹਾਂ ਵਰਗਾਂ ਨੂੰ ਵੋਟ ਬੈਂਕ ਵਾਂਗ ਵਰਤਣ ਦੇ ਇਲਜ਼ਾਮ ਲਗਾਏ। ਰੈਲੀ ਨੂੰ ਸਬੋਧਨ ਕਰਦਿਆਂ ਬਸਪਾ ਦੇ ਸੂਬਾ ਆਗੂ ਮਾਸਟਰ ਜਗਦੀਪ ਸਿੰਘ ਗੋਗੀ ਨੇ ਜਿੱਥੇ ਖਿਦਰਾਣੇ ਦੀ ਢਾਬ ਵਿਚ ਹੋਈ ਜੰਗ ’ਚ ਸ਼ਹਾਦਤ ਹਾਸਲ ਕਰਨ ਵਾਲੇ 40 ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉੱਥੇ ਸਮੁੱਚੇ ਵਰਕਰਾਂ ਨੂੰ ਬਸਪਾ ਸੁਪਰੀਮੋ ਮਾਇਆਵਤੀ ਦੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਪ੍ਰਣ ਕਰਨ ਕਿ ਬਸਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਕੇ ਹਰ ਦੱਬੇ, ਕੁਚਲੇ ਅਤੇ ਲਤਾੜੇ ਜਾ ਰਹੇ ਵਿਅਕਤੀ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਦੂਜੀਆਂ ਰਾਜਸੀ ਧਿਰਾਂ ਜਿੱਥੇ ਦਲਿਤਾਂ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਸਿਰਫ ਵੋਟ ਬੈਂਕ ਸਮਝਦੀਆਂ ਹਨ ਉੱਥੇ ਕੇਵਲ ਅਤੇ ਕੇਵਲ ਬਸਪਾ ਹੀ ਉਹ ਧਿਰ ਹੈ ਜੋ ਇਨ੍ਹਾਂ ਨੂੰ ਰਾਜ ਭਾਗ ਦਿਵਾ ਸਕਦੀ ਹੈ। ਬਸਪਾ ਦੇ ਸੂਬਾ ਜਨਰਲ ਸਕੱਤਰ ਲਖਵੀਰ ਸਿੰਘ ਨਿੱਕਾ ਨੇ ਕਿਹਾ ਕਿ ਜਦੋਂ ਤੱਕ ਦੱਬੇ ਕੁਚਲੇ ਲੋਕ ਆਪਣੀ ਵੋਟ ਦੀ ਤਾਕਤ ਨਹੀਂ ਸਮਝਦੇ ਉਦੋਂ ਤੱਕ ਕ੍ਰਾਂਤੀਕਾਰੀ ਤਬਦੀਲੀ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਆਪਣੇ ਕੰਮਾਂ ਕਾਰਾਂ ਕਰਕੇ ਦਲਿਤ ਅਤੇ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ ਉੱਥੇ ਬਦਲਾਅ ਦੇ ਨਾਂ ’ਤੇ ਸੱਤਾ ਵਿਚ ਆਈ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਫੋਕੀ ਬਿਆਨਬਾਜ਼ੀ ਤੋਂ ਬਿਨਾਂ ਕੱਖ ਨਹੀਂ ਕੀਤਾ, ਜਦ ਕਿ ਕਈ ਮਾਮਲਿਆਂ ’ਚ ਇਹ ਸਰਕਾਰ ਸਰਮਾਏਦਾਰ ਪੱਖੀ ਸਾਬਿਤ ਹੋ ਚੁੱਕੀ ਹੈ। ਕਿਰਨਪਾਲ ਕੌਰ ਨੇ ਸਮਾਜ ਵਿਚ ਕ੍ਰਾਂਤੀਕਾਰੀ ਬਦਲਾਅ ਲਈ ਬੀਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਬਸਪਾ ਮਹਿੰਦਰ ਸਿੰਘ ਭੱਟੀ, ਹਰਨੇਕ ਸਿੰਘ ਜਗਾ ਰਾਮ ਤੀਰਥ, ਕਾਮਰੇਡ ਮੱਖਣ ਸਿੰਘ, ਜਸਵੰਤ ਸਿੰਘ ਸ਼ਹਿਰੀ ਪ੍ਰਧਾਨ, ਘੀਲਾ ਸਿੰਘ ਪੰਚ, ਸਾਧੂ ਸਿੰਘ ਭਾਗੀਵਾਂਦਰ ਨੇ ਵੀ ਸੰਬੋਧਨ ਕੀਤਾ। ਗਾਇਕਾ ਮਨਦੀਪ ਕੌਰ ਮਨੀ ਨੇ ਬਹੁਜਨ ਸਮਾਜ ਦੀ ਕੀਤੀ ਜਾ ਰਹੀ ਲੁੱਟ ਦੀ ਆਪਣੇ ਗੀਤਾਂ ਰਾਹੀਂ ਪੇਸ਼ਕਾਰੀ ਦਿੱਤੀ।