ਸੁਲਤਾਨਪੁਰ ਲੋਧੀ ਦੇ ਗੁਰਦੁਆਰਿਆਂ ’ਚ ਜੁੜੀ ਸੰਗਤ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਗੁਰੂ ਨਾਨਕ ਦੇਵ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ ਰੰਗਾਂ ਵਿੱਚ ਪੂਰੀ ਤਰ੍ਹਾਂ ਰੰਗੀ ਗਈ। ਇਸ ਦੌਰਾਨ ਗੁਰਦੁਆਰਾ ਬੇਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਤੇ ਸੰਗਤ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਿਆ। ਅੱਜ ਅੰਮ੍ਰਿਤ ਵੇਲੇ ਤੋਂ ਹੀ ਸੰਗਤ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਲਈ ਆਉਣੀ ਸ਼ੁਰੂ ਹੋ ਗਈ ਸੀ। ਦੁਪਹਿਰ ਸਮੇਂ ਕਿਣਮਿਣ ਹੋਣ ਦੇ ਬਾਵਜੂਦ ਸੰਗਤ ਦੀ ਆਮਦ ਜਾਰੀ ਰਹੀ। ਇਸ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਰਾਗੀ ਤੇ ਢਾਡੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤ ਦੇ ਠਹਿਰਨ ਅਤੇ ਲੰਗਰ ਦੀ ਪੂਰੀ ਵਿਵਸਥਾ ਕੀਤੀ ਗਈ ਸੀ। ਸੁਲਤਾਨਪੁਰ ਲੋਧੀ ਕਸਬੇ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਧਾਰਮਿਕ ਜਥੇਬੰਦੀਆਂ ਵੱਲੋਂ ਲੰਗਰ ਲਗਾਏ ਗਏ ਸਨ। ਇਸ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ 11 ਹਜ਼ਾਰ ਬੂਟਿਆਂ ਦਾ ਪ੍ਰਸ਼ਾਦ ਵੰਡਿਆ।