ਸੁਨਾਮ ’ਚ 34.50 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਬੀਰਇੰਦਰ ਸਿੰਘ ਬਨਭੌਰੀ/ਜਗਤਾਰ ਨਹਿਲ
ਸੁਨਾਮ ਊਧਮ ਸਿੰਘ ਵਾਲਾ/ਲੌਂਗੋਵਾਲ, 2 ਜਨਵਰੀ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਹਲਕੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ 34.50 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਹਲਕੇ ਦੇ ਪਿੰਡ ਕੁਲਾਰ ਖੁਰਦ ਵਿੱਚ 3 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪਿੰਡ ਤੋਂ ਇਲਾਵਾ ਪਿੰਡ ਲਿੱਧੜਾਂ ਦੀ ਡਰੇਨ ’ਤੇ 51.20 ਲੱਖ, ਪਿੰਡ ਦੁੱਗਾਂ ਦੀ ਡਰੇਨ ’ਤੇ 1.33 ਕਰੋੜ, ਲੌਂਗੋਵਾਲ ਡਰੇਨ ’ਤੇ 1.57 ਕਰੋੜ ਅਤੇ ਦਿਆਲਗੜ੍ਹ ਡਰੇਨ ’ਤੇ 78.20 ਲੱਖ ਰੁਪਏ ਦੀ ਲਾਗਤ ਵਾਲੇ ਹਾਈ ਲੈਵਲ ਪੁਲਾ ਦਾ ਨਿਰਮਾਣ ਵੀ ਅੱਜ ਤੋਂ ਆਰੰਭ ਹੋ ਗਿਆ ਹੈ ਜਿਨ੍ਹਾਂ ਨੂੰ 31 ਮਾਰਚ 2025 ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁਲਾਰ ਖੁਰਦ ਦੇ ਵਸਨੀਕਾਂ ਨੇ ਲਗਪਗ ਛੇ ਮਹੀਨੇ ਪਹਿਲਾਂ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿਉਂਕਿ ਕੁਲਾਰਾਂ ਤੋਂ ਮਰਦ ਖੇੜਾ ਤੱਕ ਜਾਣ ਲਈ ਪਿੰਡਾਂ ਦੇ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਪੁਲ ਦੀ ਮੌਜੂਦਾ ਚੌੜਾਈ 3.5 ਮੀਟਰ ਹੈ ਜਿਸ ਨੂੰ ਵਧਾ ਕੇ 7.5 ਮੀਟਰ ਚੌੜਾ ਕਰਵਾਇਆ ਜਾ ਰਿਹਾ ਹੈ ਤਾਂ ਕਿ ਪਿੰਡਾਂ ਦੇ ਲੋਕ ਇੱਥੋਂ ਆਸਾਨੀ ਨਾਲ ਲੰਘ ਸਕਣ। ਉਨ੍ਹਾਂ ਦੱਸਿਆ ਕਿ ਪੁਲ ਦੇ ਹੇਠੋਂ 1700 ਕਿਊਸਿਕ ਪਾਣੀ ਨਿਕਲਦਾ ਹੈ ਜਿਸ ਨੂੰ ਲਗਪਗ ਢਾਈ ਗੁਣਾ ਵਧਾ ਕੇ 4500 ਕਿਊਸਿਕ ਦੀ ਸਮਰੱਥਾ ਵਾਲਾ ਬਣਾਇਆ ਜਾ ਰਿਹਾ ਹੈ ਤਾਂ ਜੋ ਹੇਠਾਂ ਬੂਟੀ ਫਸਣ ਕਾਰਨ ਪਾਣੀ ਦਾ ਵਹਾਅ ਨਾ ਰੁਕੇ ਅਤੇ ਨਾ ਹੀ ਪਾਣੀ ਬਾਹਰ ਉਛਲ ਕੇ ਖੇਤਾਂ ਦਾ ਨੁਕਸਾਨ ਕਰ ਸਕੇ। ਸਬੰਧਿਤ ਪਿੰਡਾਂ ਦੇ ਵਸਨੀਕਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ, ਗੁਰਿੰਦਰ ਪਾਲ ਸਿੰਘ ਖੇੜੀ, ਦੀਪ ਸਰਪੰਚ ਕਨੋਈ ਤੇ ਬਲਜਿੰਦਰ ਸਿੰਘ ਈਲਵਾਲ, ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਬਲਵਿੰਦਰ ਸਿੰਘ ਢਿੱਲੋਂ, ਮੇਲਾ ਸਿੰਘ ਸੂਬੇਦਾਰ, ਵਿੱਕੀ ਵਸ਼ਿਸ਼ਟ ਬਲਾਕ ਪ੍ਰਧਾਨ ਤੇ ਆਦਿ ਹਾਜ਼ਰ ਸਨ।