ਸੁਧਾਰ ਤੋਂ ਬੋਪਾਰਾਏ ਕਲਾਂ ਸੰਪਰਕ ਸੜਕ ਕੰਢੇ ਦਰੱਖ਼ਤਾਂ ਦੀ ਕਟਾਈ ਰੁਕੀ
ਪਿੰਡ ਵਾਸੀਆਂ ਵੱਲੋਂ ਦਰੱਖਤ ਕੱਟਣ ਵਾਲੇ ਕਿਸਾਨ ਖ਼ਿਲਾਫ਼ ਕਾਰਵਾਈ ਦੀ ਮੰਗ
ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਮਈ
ਸੁਧਾਰ ਤੋਂ ਬੋਪਾਰਾਏ ਕਲਾਂ ਸੰਪਰਕ ਸੜਕ ਨੂੰ ਚੌੜੀ ਕਰਨ ਬਹਾਨੇ ਪਿੰਡ ਸੁਧਾਰ ਦੇ ਕਿਸਾਨ ਚਰਨਜੀਤ ਸਿੰਘ ਗਿੱਲ ਵੱਲੋਂ ਆਪਣੇ ਖੇਤ ਦੇ ਬੰਨੇ ਖੜ੍ਹੇ ਦਰਜਨਾਂ ਦਰੱਖ਼ਤ ਕੱਟਣ ਦੀ ਕਾਰਵਾਈ ਅੱਜ ਰੋਕ ਦਿੱਤੀ ਗਈ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਕੀਤੀ ਨਿਸ਼ਾਨਦੇਹੀ ਬਾਅਦ ਪੱਛਮ ਵੱਲ ਸੜਕ ਕਿਨਾਰੇ ਖੜ੍ਹੇ ਦਰਜਨਾਂ ਦਰੱਖ਼ਤ ਸਰਕਾਰੀ ਜਗ੍ਹਾ ਵਿੱਚ ਲੱਗੇ ਪਾਏ ਗਏ, ਜਦਕਿ ਪੂਰਬ ਵਾਲੇ ਪਾਸੇ ਖੜ੍ਹੇ ਕੁੱਝ ਦਰੱਖ਼ਤ ਕਿਸਾਨਾਂ ਦੀ ਨਿੱਜੀ ਜ਼ਮੀਨ ਵਿੱਚ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਉਕਤ ਕਿਸਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੱਢੇ ਗਏ ਅੱਧੀ ਦਰਜਨ ਤੋਂ ਵਧੇਰੇ ਦਰੱਖ਼ਤਾਂ ਦੇ ਮਾਮਲੇ ਵਿੱਚ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪਹਿਲਾਂ ਚੋਰੀ ਕੀਤੇ ਦਰੱਖ਼ਤਾਂ ਦੇ ਮਾਮਲੇ ਦੀ ਵੀ ਜਾਂਚ ਮੰਗੀ ਹੈ।
ਮਾਲ ਵਿਭਾਗ ਦੇ ਕਾਨੂੰਗੋ ਗੁਰਬਖ਼ਸ਼ੀਸ਼ ਸਿੰਘ ਅਤੇ ਪਟਵਾਰੀ ਅਭਿਸ਼ੇਕ ਜੈਨ ਨੇ ਪਿੰਡ ਦੇ ਦਰਜਨਾਂ ਮੁਹਤਬਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਬੋਪਾਰਾਏ ਕਲਾਂ ਵਾਲੇ ਪਾਸੇ ਪੈਂਦੀ ਪਿੰਡ ਸੁਧਾਰ ਦੀ ਹੱਦਬੰਦੀ ਤੋਂ ਲੈ ਕੇ ਪਿੰਡ ਦੀ ਸਹਿਕਾਰੀ ਸਭਾ ਤੱਕ ਨਕਸ਼ੇ ਅਨੁਸਾਰ ਨਿਸ਼ਾਨਦੇਹੀ ਕਰ ਕੇ ਰੇੜਕਾ ਹੀ ਖ਼ਤਮ ਕਰ ਦਿੱਤਾ ਹੈ। ਇਸ ਮੌਕੇ ਪਿੰਡ ਦੀ ਵਿਕਾਸ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਹਰਮਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਗਿੱਲ, ਖੇਤੀਬਾੜੀ ਸਹਿਕਾਰੀ ਦੇ ਪ੍ਰਧਾਨ ਹਰਮੇਲ ਸਿੰਘ ਗਿੱਲ, ਸਾਬਕਾ ਪ੍ਰਧਾਨ ਪਵਨਜੀਤ ਸਿੰਘ ਗਿੱਲ, ਨੰਬਰਦਾਰ ਅਮਨਦੀਪ ਸਿੰਘ ਗਿੱਲ, ਖੇਡ ਕਲੱਬ ਦੇ ਖ਼ਜ਼ਾਨਚੀ ਅਵਤਾਰ ਸਿੰਘ ਗਿੱਲ ਤੋਂ ਇਲਾਵਾ ਕਿਸਾਨ ਚਰਨਜੀਤ ਸਿੰਘ ਗਿੱਲ ਖ਼ੁਦ ਵੀ ਮੌਜੂਦ ਸੀ।