ਸੁਧਾਰ ਤੋਂ ਬੋਪਾਰਾਏ ਕਲਾਂ ਸੜਕ ਚੌੜੀ ਕਰਨ ਬਹਾਨੇ ਦਰੱਖ਼ਤ ਵੱਢਣ ਦਾ ਵਿਰੋਧ
ਸੰਤੋਖ ਗਿੱਲ
ਗੁਰੂਸਰ ਸੁਧਾਰ, 25 ਮਈ
ਪਿੰਡ ਸੁਧਾਰ ਤੋਂ ਬੋਪਾਰਾਏ ਕਲਾਂ ਨੂੰ ਜੋੜਦੀ ਪੰਜਾਬ ਮੰਡੀ ਬੋਰਡ ਦੀ ਸੜਕ ਨੂੰ ਚੌੜਾ ਕਰਨ ਦੀ ਸ਼ੁਰੂ ਹੋਈ ਪ੍ਰਕਿਰਿਆ ਦੀ ਆੜ ਹੇਠ ਪਿੰਡ ਸੁਧਾਰ ਵਿੱਚ ਕੁਝ ਕਿਸਾਨਾਂ ਵੱਲੋਂ ਆਪਣੇ ਖੇਤ ਦੇ ਬੰਨੇ ਉਪਰ ਖੜ੍ਹੇ ਦਰਜਨਾਂ ਦਰਖਤਾਂ ਨੂੰ ਪੁੱਟਣ ਵਿਰੁੱਧ ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕੀਤਾ ਹੈ। ਪਿੰਡ ਸੁਧਾਰ ਦੇ ਸਾਬਕਾ ਸਰਪੰਚ ਹਰਮਿੰਦਰ ਸਿੰਘ ਗਿੱਲ, ਖੇਡ ਕਲੱਬ ਦੇ ਸਾਬਕਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸਾਬਕਾ ਪੰਚ ਸੁਰਿੰਦਰ ਸਿੰਘ ਸਮੇਤ ਹੋਰ ਕਈ ਪਿੰਡ ਵਾਸੀਆਂ ਨੇ ਸੜਕ ਕਿਨਾਰੇ ਖੜ੍ਹੇ ਦਰਜਨਾਂ ਭਾਰੀ ਦਰੱਖਤਾਂ ਨੂੰ ਪੁੱਟਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਸੜਕ ਚੌੜੀ ਕਰਨ ਦੀ ਆੜ ਹੇਠ ਕੁਝ ਕਿਸਾਨਾਂ ਵੱਲੋਂ ਆਪਣੇ ਖੇਤ ਦੇ ਬੰਨੇ ਉਪਰ ਖੜ੍ਹੇ ਦਰੱਖਤ ਪੁੱਟੇ ਗਏ ਹਨ।
ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਦਰੱਖਤ ਪੁੱਟਣ ਦੀ ਕਾਰਵਾਈ ਸੜਕ ਚੌੜੀ ਕਰਨ ਵਾਲੇ ਵਿਭਾਗ ਮੰਡੀ ਬੋਰਡ ਵੱਲੋਂ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਹੈ। ਇਹ ਕਾਰਵਾਈ ਐਤਵਾਰ ਨੂੰ ਸਰਕਾਰੀ ਛੁੱਟੀ ਸਮੇਂ ਚੋਰੀ ਛਿਪੇ ਕੀਤੀ ਜਾ ਰਹੀ ਸੀ। ਉਨ੍ਹਾਂ ਵੱਲੋਂ ਵਿਰੋਧ ਕਰਨ 'ਤੇ ਖੇਤ ਦੇ ਮਾਲਕ ਚਰਨਜੀਤ ਸਿੰਘ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਅਤੇ ਗਾਲ਼ੀ-ਗਲੋਚ ਵੀ ਕੀਤਾ ਗਿਆ। ਮੌਕੇ ’ਤੇ ਮੌਜੂਦ ਸਰਪੰਚ ਹਰਜਿੰਦਰ ਕੌਰ ਨੇ ਪੰਚਾਇਤ ਵੱਲੋਂ ਦਰੱਖ਼ਤ ਪੁੱਟੇ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਇਹ ਵੀ ਕਿਹਾ ਕਿ ਸੜਕ ਤੇ ਜ਼ਮੀਨ ਦੀ ਮਿਣਤੀ ਕਰਨ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਕਿਸਾਨ ਚਰਨਜੀਤ ਸਿੰਘ ਗਿੱਲ ਨੇ ਸੜਕ ਚੌੜੀ ਕਰਨ ਲਈ ਆਪਣੇ ਪੱਧਰ 'ਤੇ ਦਰੱਖਤ ਪੁੱਟਣ ਦੀ ਪੁਸ਼ਟੀ ਕੀਤੀ ਹੈ। ਪਿੰਡ ਦੇ ਕੁਝ ਮੁਹਤਬਰ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਦੁਰਵਿਹਾਰ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।