ਸੁਤੰਤਰਤਾ ਸੰਗਰਾਮੀ ਮਹਿਮਾ ਸਿੰਘ ਧਾਲੀਵਾਲ ਬਾਰੇ ਪੁਸਤਕ ‘ਲੋਕ ਅਰਪਣ’
ਚੰਡੀਗੜ੍ਹ, 12 ਜੂਨ
ਪੰਜਾਬ ਸਕੱਤਰੇਤ ਸਾਹਿਤ ਸਭਾ ਚੰਡੀਗੜ੍ਹ ਅਤੇ ਮੁੱਲਾਂਪੁਰ ਗਰੀਬਦਾਸ ਦੇ ਵਾਸੀਆਂ ਵੱਲੋਂ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਜ਼ਾਦੀ ਘੁਲਾਟੀਏ ਮਹਿਮਾ ਸਿੰਘ ਧਾਲੀਵਾਲ ਦੇ ਜੀਵਨ ’ਤੇ ਆਧਾਰਿਤ ਪੁਸਤਕ ‘ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ- ਮਹਿਮਾ ਸਿੰਘ ਧਾਲੀਵਾਲ (ਮੁੱਲਾਂਪੁਰ ਗਰੀਬਦਾਸ)’ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਪ੍ਰਸਿੱਧ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਮਲਕੀਅਤ ਸਿੰਘ ਔਜਲਾ, ਤੇਜਦੀਪ ਸਿੰਘ ਸੈਣੀ ਪੀਸੀਐੱਸ, ਬਲਬੀਰ ਸਿੰਘ ਢੋਲ ਪੀਸੀਐੱਸ (ਰਿਟਾ.), ਪ੍ਰਿੰ. ਬਹਾਦਰ ਸਿੰਘ ਗੋਸਲ, ਭਗਤ ਰਾਮ ਰੰਗਾੜਾ, ਗੁਰਮੀਤ ਸਿੰਘ ਜੌੜਾ, ਰਾਜ ਕੁਮਾਰ ਸਾਹੋਵਾਲੀਆ, ਚਰਨਜੀਤ ਸਿੰਘ ਧਾਲੀਵਾਲ, ਅਰਵਿੰਦ ਪੁਰੀ, ਮੋਹਣੀ ਤੁਰ ਸੰਤੇਮਾਜਰਾ, ਰਵਿੰਦਰਪਾਲ ਕੌਰ, ਗੁਰਦਰਸ਼ਨ ਸਿੰਘ ਜੰਮੂ, ਧਿਆਨ ਸਿੰਘ ਕਾਹਲੋਂ, ਡਾ. ਬਲਰਾਮ ਸ਼ਰਮਾ ਅਤੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਵੱਲੋਂ ਨਿਭਾਈ ਗਈ।
ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਅਤੇ ਪੁਸਤਕ ਦੇ ਸੰਪਾਦਕ ਮਲਕੀਅਤ ਸਿੰਘ ਔਜਲਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ ਨੂੰ’ ਆਖਿਆ। ਗੁਰਮੀਤ ਸਿੰਘ ਜੌੜਾ ਨੇ ਪਰਚਾ ਪੜ੍ਹਿਆ। ਮੁੱਖ ਮਹਿਮਾਨ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਦੱਸਿਆ। ਪ੍ਰੋ. ਸ਼ਾਮ ਸਿੰਘ ਮਸਤਗੜ੍ਹ, ਜਸਵੰਤ ਸਿੰਘ ਪੂਨੀਆ ਅਤੇ ਲੋਕ ਨਾਥ ਸ਼ਰਮਾ ਨੇ ਪੁਸਤਕ ਬਾਰੇ ਵਿਚਾਰ-ਚਰਚਾ ਕੀਤੀ। ਮੋਹਣੀ ਤੁਰ ਸੰਤੇਮਾਜਰਾ ਨੇ ਆਪਣਾ ਦਾਦਾ ਗੁਰਬਖਸ਼ ਸਿੰਘ ਡਕੋਟਾ ਦੀ ਦੇਸ਼ ਭਗਤੀ ਅਤੇ ਮਹਿਮਾ ਸਿੰਘ ਧਾਲੀਵਾਲ ਦੇ ਨਾਲ ਨਿੱਘੇ ਸਬੰਧਾਂ ਬਾਰੇ ਦੱਸਿਆ। ਰਵਿੰਦਰਪਾਲ ਕੌਰ ਧਾਲੀਵਾਲ ਨੇ ਆਪਣੇ ਬਜ਼ੁਰਗ ਮਹਿਮਾ ਸਿੰਘ ਧਾਲੀਵਾਲ ਦੇ ਸੰਘਰਸ਼ ’ਤੇ ਮਾਣ ਮਹਿਸੂਸ ਕੀਤਾ ਜਦਕਿ ਗੁਰਦਰਸ਼ਨ ਸਿੰਘ ਜੰਮੂ ਵੱਲੋਂ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਉੱਘੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਮਹਿਮਾ ਸਿੰਘ ਧਾਲੀਵਾਲ ਨੂੰ ਨਮਨ ਕੀਤਾ। ਪਰਮਦੀਪ ਭਬਾਤ ਅਤੇ ਗੁਰਮੀਤ ਸਿੰਗਲ ਵੱਲੋਂ ਸਕੱਤਰੇਤ ਸਾਹਿਤ ਸਭਾ ਬਾਰੇ ਵਿਚਾਰ ਪੇਸ਼ ਕੀਤੇ ਗਏ। ਮੁੱਲਾਂਪੁਰ ਦੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਨੇ ਕੀਤਾ। ਉਨ੍ਹਾਂ ਮੌਕੇ ’ਤੇ ਹਾਜ਼ਰ ਸ਼ਾਇਰਾਂ ਵਿੱਚੋਂ ਬਲਜਿੰਦਰਪਾਲ ਬੱਲੀ, ਭੁਪਿੰਦਰ ਮਟੌਰਵਾਲਾ, ਲਖਬੀਰ ਸਿੰਘ ਲੱਖੀ, ਧਿਆਨ ਸਿੰਘ ਕਾਹਲੋਂ, ਸੁਰਜੀਤ ਸੁੰਮਨ, ਗੁਰਮੀਤ ਸਿੰਗਲ, ਜਸਵਿੰਦਰ ਕਾਈਨੌਰ, ਪਿਆਰਾ ਸਿੰਘ ਰਾਹੀ, ਸਾਈਂ ਸਕੇਤੜੀ ਅਤੇ ਸੁਖਵਿੰਦਰ ਨੂਰਪੁਰੀ ਨੂੰ ਵੀ ਸਰੋਤਿਆਂ ਦੇ ਰੂ-ਬ-ਰੂ ਕੀਤਾ।