ਸੁਖਵਿੰਦਰ ਸੈਣੀ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਖੇਤਰੀ ਪ੍ਰਤੀਨਿਧਪਟਿਆਲਾ, 12 ਜਨਵਰੀ
ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਪਟਿਆਲਾ ਦੀ ਅਗਲੇ ਦੋ ਸਾਲਾਂ ਲਈ ਅੱਜ ਹੋਈ ਚੋਣ ਦੌਰਾਨ ਪਹਿਲਾਂ ਵਾਲੀ ਟੀਮ ਨੂੰ ਹੀ ਮੁੜ ਦੋ ਸਾਲ ਲਈ ਚੁਣ ਲਿਆ ਗਿਆ ਹੈ। ਬਿਨਾਂ ਮੁਕਾਬਲਾ ਚੁਣੇ ਗਏ ਇਨ੍ਹਾ ਅਹੁਦੇਦਾਰਾਂ ਵਿੱਚੋਂ ਸੇਵਾਮੁਕਤ ਡੀਐੱਸਪੀ ਸੁਖਵਿੰਦਰ ਸਿੰਘ ਸੈਣੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਬਣੇ ਹਨ। ਜਦਕਿ ਪ੍ਰੇਮ ਚੰਦ ਪੰਜੋਲਾ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਅਮਰਜੀਤ ਸਿੰਘ ਗਿੱਲ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਪਿਛਲੀ ਪਾਰੀ ਦੌਰਾਨ ਵੀ ਤਿੰਨਾ ਕੋਲ ਇਹੀ ਅਹੁਦੇ ਸਨ ਪਰ ਇਸ ਟੀਮ ਦੀ ਪਿਛਲੀ ਕਾਰਗੁਜਾਰੀ ਚੰਗੀ ਰਹਿਣ ਦੇ ਚੱਲਦਿਆਂ ਸੰਸਥਾ ਦੇ ਬਾਕੀ ਮੈਂਬਰਾਂ ਨੇ ਇਨ੍ਹਾਂ ਅਹੁਦਿਆਂ ਮੁਕਾਬਲੇ ਚੋਣ ਲੜਨ ਦੀ ਇੱਛਾ ਨਹੀਂ ਜਤਾਈ ।
ਉਂਜ ਇਸ ਸਬੰਧੀ ਹੋਣ ਵਾਲੀ ਚੋਣ ਲਈ ਤਾਂ 19 ਜਨਵਰੀ ਮੁਕੱਰਰ ਕੀਤੀ ਗਈ ਸੀ। ਜਿਸ ਤਹਿਤ ਹੀ ਅੱਜ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਨਾਮਜ਼ਦਗੀ ਫਾਰਮ ਭਰੇ ਗਏ, ਪ੍ਰੰਤੂ ਇਹਨਾਂ ਦੇ ਮੁਕਾਬਲੇ ਹੋਰ ਕਿਸੇ ਵੀ ਹੋਰ ਵੱਲੋਂ ਨਾਮਜ਼ਦਗੀ ਨਾ ਭਰੇ ਜਾਣ ਕਰਕੇ ਇਹ ਤਿੰਨੋਂ ਜਣੇ ਬਿਨਾਂ ਮੁਕਾਬਲਾ ਹੀ ਜੇਤੂ ਕਰਾਰ ਦੇ ਦਿੱਤੇ ਗਏ। ਇਹ ਚੋਣ ਦੋ ਸਾਲਾਂ ਲਈ ਕੀਤੀ ਗਈ ਹੈ। ਨਾਮਜ਼ਦਗੀਆਂ ਲਈ ਰਿਟਰਨਿੰਗ ਅਫ਼ਸਰ ਬਹਾਦਰ ਸਿੰਘ ਪ੍ਰਧਾਨ ਮਾਲੇਰਕੋਟਲਾ ਅਤੇ ਅਬਜ਼ਰਵਰ ਸ਼ਮਸ਼ੇਰ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ ਨੇ ਡਿਊਟੀ ਨਿਭਾਈ ਸਨ।