ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਹੋਣਗੇ: ਰਾਜੂ ਖੰਨਾ
ਸੰਗਰੂਰ, 5 ਅਪਰੈਲ
ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਬਜ਼ਰਵਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਹੋਣਗੇ ਕਿਉਂਕਿ ਸੁਖਬੀਰ ਇੱਕ ਬੇਬਾਕ ਤੇ ਇਮਾਨਦਾਰ ਲੀਡਰ ਹਨ ਜਿਸ ਕਰਕੇ ਸਮੁੱਚੇ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਕਿ ਸੁਖਬੀਰ ਬਾਦਲ ਹੀ ਪਾਰਟੀ ਦੀ ਵਾਂਗਡੋਰ ਸੰਭਾਲਣ। ਰਾਜੂ ਖੰਨਾ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਸਰਕਲ ਡੈਲੀਗੇਟਾਂ ਦਾ ਸਨਮਾਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਰਾਜੂ ਖੰਨਾ ਨੇ ਪਾਰਟੀ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਵਾਲੇ ਭਾਜਪਾ ਅਤੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਗਾ ਰਹੇ ਹਨ ਅਤੇ ਭਾਜਪਾ ਦਾ ਏਜੰਡਾ ਲੈ ਕੇ ਚੱਲੇ ਹਨ। ਉਨ੍ਹਾਂ ਕਿਹਾ ਕਿ ਇਹਨ੍ਹਾਂ ’ਚੋ ਕੋਈ ਵੀ ਲੀਡਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਯੋਗ ਨਹੀਂ ਹੈ। ਉਨ੍ਹਾਂ ਵਿਰੋਧੀਆਂ ’ਤੇ ਭਾਂਤ-ਭਾਂਤ ਦੀ ਲੱਕੜੀ ਇਕੱਠੀ ਹੋਣ ਦਾ ਤਨਜ਼ ਕਸਦਿਆਂ ਕਿਹਾ ਕਿ ਇਨ੍ਹਾਂ ’ਚੋਂ ਕੌਣ ਪ੍ਰਧਾਨ ਬਣੇਗਾ। ਇਨ੍ਹਾਂ ਦਾ ਕੋਈ ਲੀਡਰ ਨਹੀਂ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੀ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉਪਰ ਹੋਏ ਹਮਲੇ ਨੂੰ ਰਾਜ ਸਰਕਾਰ ਦੀ ਸੋਚੀ-ਸਮਝੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਵੀ ਇਹੋ ਏਜੰਡਾ ਹੈ ਕਿ ਪੰਜ ਮੈਂਬਰੀ ਕਮੇਟੀ ਉਨ੍ਹਾਂ ਦਾ ਹੱਥ ਠੋਕਾ ਬਣੇ। ਪੰਜ ਮੈਂਬਰੀ ਕਮੇਟੀ ਦਾ ਏਜੰਡਾ ਭਾਜਪਾ ਦਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਭਰਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਵੱਡੇ ਲੀਡਰ ਛੱਡ ਵੀ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵਰਕਰ ਹੀ ਲੀਡਰ ਪੈਦਾ ਕਰਦੇ ਹਨ। ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਸੰਗਰੂਰ ਵਿਚ ਕਰੀਬ 750 ਡੈਲੀਗੇਟ ਬਣੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਹਲਕਾ ਸੁਨਾਮ ਇੰਚਾਰਜ ਰਾਜਿੰਦਰ ਦੀਪਾ, ਦਿੜਬਾ ਦੇ ਇੰਚਾਰਜ ਗੁਲਜ਼ਾਰ ਸਿੰਘ ਮੂਣਕ, ਇਕਬਾਲਜੀਤ ਸਿੰਘ ਪੂਨੀਆਂ, ਬੀਬੀ ਪਰਮਜੀਤ ਕੌਰ ਵਿਰਕ, ਸ਼ੇਰ ਸਿੰਘ ਬਾਲੇਵਾਲ, ਤੇਜਾ ਸਿੰਘ ਛੰਨਾਂ ਅਤੇ ਗੁਰਬਚਨ ਸਿੰਘ ਫਤਹਿਗੜ੍ਹ ਹਾਜ਼ਰ ਸਨ।