For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਬਾਦਲ ਵੱਲੋਂ ‘ਪੰਜਾਬ ਦੀ ਸ਼ਾਨ ਸਾਡੇ ਨੌਜਵਾਨ’ ਮੁਹਿੰਮ ਦੀ ਸ਼ੁਰੂਆਤ

08:00 AM Nov 15, 2023 IST
ਸੁਖਬੀਰ ਬਾਦਲ ਵੱਲੋਂ ‘ਪੰਜਾਬ ਦੀ ਸ਼ਾਨ ਸਾਡੇ ਨੌਜਵਾਨ’ ਮੁਹਿੰਮ ਦੀ ਸ਼ੁਰੂਆਤ
‘ਪੰਜਾਬ ਦੀ ਸ਼ਾਨ ਸਾਡੇ ਨੌਜਵਾਨ’ ਮੁਹਿੰਮ ਦਾ ਆਗਾਜ਼ ਕਰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 14 ਨਵੰਬਰ
ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਿਲੀ ਹਾਰ ਦੇ ਕਾਰਨਾਂ ਦੀ ਘੋਖ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੁੜ ਸਿਆਸੀ ਪਕੜ ਮਜ਼ਬੂਤ ਬਣਾਉਣ ਲਈ ਨੌਜਵਾਨ ਵਰਗ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਹੈ।
ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਸਰੀਂਹ ਵਿੱਚ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੁਧਿਆਣਾ ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਰਹਿਨੁਮਾਈ ਹੇਠ ‘ਪੰਜਾਬ ਦੀ ਸ਼ਾਨ ਸਾਡੇ ਨੌਜਵਾਨ’ ਮੁਹਿੰਮ ਦੇ ਉਦਘਾਟਨ ਵੇਲੇ ਅੱਜ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਸਰਹੱਦੀ ਸੂਬੇ ਦੇ ਨੌਜਵਾਨਾਂ ਸਮੇਤ ਆਮ ਲੋਕਾਂ ਦਾ ਕੋਰੇ ਵਾਅਦੇ ਕਰਨ ਵਾਲੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਮਿਲੇ ਸੁਝਾਅ ਤੋਂ ਬਾਅਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਲੋਕਾਂ ਦੀ ਪਸੰਦ ਵਾਲੇ ਯੂਥ ਆਗੂਆਂ ਨੂੰ ਪਾਰਟੀ ਵਿੱਚ ਅਹਿਮ ਅਹੁਦੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਨ ਤੋਂ ਪਹਿਲਾਂ ਚਾਹਵਾਨ ਉਮੀਦਵਾਰਾਂ ਨੂੰ ਘੱਟੋ ਘੱਟ ਦੋ ਹਜ਼ਾਰ ਮੈਂਬਰ ਭਰਤੀ ਕਰਨੇ ਪੈਣਗੇ ਅਤੇ ਡੈਲੀਗੇਟ ਬਣਨ ਲਈ ਢਾਈ ਸੌ ਮੈਂਬਰ ਬਣਾਉਣਾ ਜ਼ਰੂਰੀ ਕੀਤਾ ਗਿਆ ਹੈ। ਮੈਂਬਰਾਂ ਦੀ ਆਨਲਾਈਨ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ।
ਸ੍ਰੀ ਬਾਦਲ ਨੇ ਕੇਂਦਰ ਅਤੇ ਸੂਬੇ ਵਿੱਚ ਹੁਣ ਤੱਕ ਕਾਬਜ਼ ਰਹੀਆਂ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਹੁਣ ਤੱਕ ਕੀਤੇ ਗਏ ਵੱਡੇ ਘਪਲਿਆਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਕਾਬਜ਼ ਆਮ ਆਦਮੀ ਪਾਰਟੀ ਨੇ ਵੀ ਧੋਖੇ ਨਾਲ ਬਦਲਾਅ ਦੇ ਨਾਂ ’ਤੇ ਵੋਟਾਂ ਲੈ ਕੇ ਆਪਣੀ ਸਿਆਸੀ ਗਿਰਾਵਟ ਵਾਲਾ ਰੂਪ ਦਿਖਾ ਦਿੱਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ‘ਆਪ’ ਅਤੇ ਭਾਜਪਾ ਆਮ ਲੋਕਾਂ ਨੂੰ ਮਿਆਰੀ ਜ਼ਿੰਦਗੀ ਜਿਉਣ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫ਼ਲ ਹੋਈਆਂ ਹਨ ਉੱਥੇ ਕਾਂਗਰਸ ਪਾਰਟੀ ਵੀ ਵਿਰੋਧੀ ਪਾਰਟੀ ਦਾ ਰੋਲ ਅਦਾ ਕਰਨ ਵਿੱਚ ਫੇਲ੍ਹ ਹੋਈ ਹੈ। ਸਾਬਕਾ ਪਾਰਲੀਮਾਨੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਦਾਅਵਾ ਕੀਤਾ ਕਿ ਇਲਾਕੇ ਵਿੱਚ ਜੋ ਵਿਕਾਸ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਇਆ ਹੈ।

Advertisement

Advertisement
Advertisement
Author Image

joginder kumar

View all posts

Advertisement