ਸੁਖਬੀਰ ਬਾਦਲ ’ਤੇ ਹਮਲੇ ਦੀ ਨਿਖੇਧੀ
ਵਰਿੰਦਰਜੀਤ ਸਿੰਘ
ਕਾਹਨੂੰਵਾਨ, 4 ਦਸੰਬਰ
ਅਕਾਲੀ ਦਲ ਦੀ ਸੂਬਾ ਆਗੂ ਬੀਬੀ ਸ਼ਰਨਜੀਤ ਕੌਰ ਜੀਂਦੜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਘੰਟਾਘਰ ਵਿਖੇ ਅੱਜ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖ਼ਾਹ ਤਹਿਤ ਸੁਖਬੀਰ ਸਿੰਘ ਬਾਦਲ ਉੱਤੇ ਸੇਵਾ ਨਿਭਾਉਂਦੇ ਸਮੇਂ ਹੋਇਆ ਹਮਲਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਹੈ ਅਤੇ ਪੰਜਾਬ ਦੇ ਸ਼ਾਂਤੀਪੂਰਵਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੀ ਪਵਿੱਤਰ ਸੇਵਾ ਨਿਭਾਉਂਦੇ ਸਮੇਂ ਕਿਸੇ ਵੀ ਸਿੱਖ ’ਤੇ ਅਜਿਹਾ ਹਮਲਾ ਕੌਮ ਅਤੇ ਸੰਗਤ ਲਈ ਨਿੰਦਣਯੋਗ ਘਟਨਾ ਹੈ, ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੋਵੇਗੀ।
ਪੰਥ ਵਿਰੋਧੀ ਤਾਕਤਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ: ਲਾਲੀ ਬਾਜਵਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਜਾਰੀ ਇਕ ਬਿਆਨ ਵਿੱਚ ਕਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਕੀਤਾ ਹਮਲਾ ਜਿੱਥੇ ਵੱਡਾ ਅਪਰਾਧ ਹੈ ਉੱਥੇ ਸਿੱਖ ਪੰਥ ਦੇ ਤਖਤ ਸਾਹਿਬਾਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲਾ ਵੀ ਹੈ ਜਿਸ ਲਈ ਹਮਲਾਵਰ ਤੇ ਪੰਥ ਵਿਰੋਧੀ ਤਾਕਤਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਗੋਲੀ ਸੁਖਬੀਰ ਸਿੰਘ ਬਾਦਲ ਜਾ ਕਿਸੇ ਸ਼ਰਧਾਲੂ ਦੇ ਲੱਗਦੀ ਤਾਂ ਇਸ ਨਾਲ ਪੂਰੀ ਦੁਨੀਆਂ ਵਿੱਚ ਕੌਮ ਦੇ ਅਕਸ ਨੂੰ ਢਾਹ ਜ਼ਰੂਰ ਲੱਗਣੀ ਸੀ। ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਜ਼ਰੂਰੀ ਹੈ। ਲਾਲੀ ਬਾਜਵਾ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਵੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ।
ਸੂਬਾ ਸਰਕਾਰ ਰਾਜਨੀਤਕ ਝਮੇਲਿਆਂ ’ਚ ਉਲਝੀ: ਬੱਖਤਪੁਰ
ਧਾਰੀਵਾਲ (ਸੁੱਚਾ ਸਿੰਘ): ਸੀਪੀਆਈ ਐੱਮਐੱਲ ਲਿਬਰੇਸ਼ਨ ਨੇ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਵਿਰੁੱਧ ਰਾਜਨੀਤਿਕ ਲੜਾਈ ਲੜਨੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ’ਤੇ ਕੀਤੇ ਗਏ ਸਰੀਰਕ ਹਮਲੇ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਤੋਂ ਪੂਰੀ ਤਰ੍ਹਾਂ ਅਸਫਲ ਚੱਲ ਰਹੀ ਹੈ। ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਆਪਸੀ ਰਾਜਨੀਤਿਕ ਝਮੇਲਿਆਂ ਵਿੱਚ ਫਸੀ ਹੋਈ ਹੈ।