ਸੁਆਹ ਢੁਆਈ: ਮੁੱਖ ਇੰਜਨੀਅਰ ਦੀ ਧਰਨਾਕਾਰੀਆਂ ਨਾਲ ਮੀਟਿੰਗ ਬੇਸਿੱਟਾ
ਜਗਮੋਹਨ ਸਿੰਘ
ਘਨੌਲੀ, 12 ਸਤੰਬਰ
ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਫੀਲਡ ਹੋਸਟਲ ਵਿੱਚ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਪਿੰਡ ਦਬੁਰਜੀ ਵਿੱਚ ਢਾਈ ਸਾਲਾਂ ਤੋਂ ਧਰਨੇ ’ਤੇ ਬੈਠੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਥਰਮਲ ਪਲਾਂਟ ਦੀ ਸੁਆਹ ਝੀਲਾਂ ਵਿੱਚੋਂ ਚੁੱਕੀ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਬੁਰਜੀ ਵਾਲੇ ਪਾਸੇ ਦੇ ਲੋਕਾਂ ਦੀਆਂ ਮੁਸ਼ਕਲਾਂ ਕਾਰਨ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕੁੱਝ ਸਮੇਂ ਲਈ ਆਰਜ਼ੀ ਤੌਰ ’ਤੇ ਵਾਹਨਾਂ ਦੀ ਆਵਾਜਾਈ ਘਨੌਲੀ ਵੱਲ ਕੀਤੀ ਗਈ ਸੀ, ਪਰ ਉੱਧਰ ਭਾਖੜਾ ਨਹਿਰ ਦਾ ਪੁਲ ਤੇ ਪਟੜੀਆਂ ਕੰਮਜ਼ੋਰ ਹੋਣ ਕਾਰਨ ਖ਼ਤਰਾ ਖੜ੍ਹਾ ਹੋ ਗਿਆ ਹੈ। ਇਹ ਸੜਕ ਵੀ ਸਿੰਗਲ ਹੋਣ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਬੀਬੀਐਮਬੀ ਵੀ ਨਹਿਰ ਦੀ ਪਟੜੀ ਤੇ ਪੁਲ ਤੋਂ ਵੱਡੇ ਵਾਹਨਾਂ ਦੀ ਆਵਾਜਾਈ ਦੀ ਇਜ਼ਾਜਤ ਨਹੀਂ ਦੇ ਰਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਦੂਸ਼ਣ ਵਿਭਾਗ ਤੇ ਹੋਰ ਸਾਰੇ ਵਿਭਾਗਾਂ ਦੇ ਨਿਯਮਾਂ ਦੀ ਸੁਆਹ ਢੋਣ ਵਾਲੇ ਵਾਹਨਾਂ ਦੇ ਚਾਲਕਾਂ ਵੱਲੋਂ ਪਾਲਣਾ ਕਰਵਾਈ ਜਾਵੇਗੀ।
ਇਸ ਉਪਰੰਤ ਰਾਜਿੰਦਰ ਸਿੰਘ ਘਨੌਲਾ ਦੀ ਅਗਵਾਈ ਵਿੱਚ ਆਏ ਧਰਨਾਕਾਰੀਆਂ ਨੇ ਕੇਂਦਰੀ ਮੰਤਰਾਲੇ ਤੇ ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪੁਲੰਦਾ ਦਿਖਾਉਂਦਿਆਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਨਿਯਮਾਂ ਮੁਤਾਬਕ ਥਰਮਲ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਦੀ ਬਜਾਇ ਉਨ੍ਹਾਂ ਝੀਲਾਂ ਨੂੰ ਸਟੈਬਲਾਈਜ਼ ਕੀਤਾ ਜਾਵੇ। ਉਨ੍ਹਾਂ ਖੁੱਲ੍ਹੇ ਟਿੱਪਰਾਂ ਰਾਹੀਂ ਸੁਆਹ ਦੀ ਢੁਆਈ ’ਤੇ ਸਵਾਲ ਚੁੱਕੇ। ਇਸ ਦੌਰਾਨ ਮੀਟਿੰਗ ਵਿੱਚ ਮੌਜੂਦ ਹੋਰ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਹੀ ਸੁਆਲ ਕੀਤਾ ਕਿ ਕੌਮੀ ਮਾਰਗਾਂ ਨੂੰ ਸੁਆਹ ਦੀ ਸਪਲਾਈ ਕਿਵੇਂ ’ਤੇ ਕਿਸ ਰਸਤੇ ਰਾਹੀਂ ਦਿੱਤੀ ਜਾਵੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਅਗਲੀ ਮੀਟਿੰਗ ਸੱਦੀ ਹੈ।