ਸੀਵਰੇਜ ਲੀਕੇਜ ਸਮੱਸਿਆ: ਸਮੱਸਿਆ ਦੇ ਹੱਲ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਨਵੰਬਰ
ਮਾਨਸਾ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਦੇ ਪੱਕੇ ਹੱਲ ਸਬੰਧੀ ਧਰਨਾ ਅੱਜ 33ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸ਼ਹਿਰ ਦੀਆਂ ਧਾਰਮਿਕ, ਵਪਾਰਕ, ਜਨਤਕ, ਰਾਜਸੀ ਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕੀਤੀ ਜਿਸ ਵਿੱਚ ਜਤਿੰਦਰ ਆਗਰਾ, ਬਿੱਕਰ ਸਿੰਘ ਮਘਾਣੀਆ ਤੇ ਕਿਸਾਨ ਆਗੂ ਰੁਲਦੂ ਸਿੰਘ ਸ਼ਾਮਲ ਹੋਏ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਤੇ ਮੌਜੂਦਾ ਸਰਕਾਰ ਵੱਲੋਂ ਇਸ ਸਮੱਸਿਆ ਦਾ ਹੱਲ ਕਰਨ ਤੋਂ ਟਾਲਾ ਵੱਟਿਆ ਹੋਇਆ ਹੈ, ਜਿਸ ਕਰਕੇ ਸ਼ਹਿਰ ਹਰ ਗਲੀ ਮੁਹੱਲੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੇ ਗੰਦੇ ਨਾਲੇ ਦਾ ਰੂਪ ਧਾਰਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਗੰਦੇ ਪਾਣੀ ਨਾਲ ਡੇਂਗੂ ਸਮੇਤ ਭਿਆਨਕ ਜਾਨਲੇਵਾ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਲੋਕਾਂ ਵਿੱਚ ਭਾਰੀ ਰੋਸ ਵੱਧ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸ਼ਹਿਰੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਧਰਨਾ ਪੱਕੇ ਹੱਲ ਤੱਕ ਜਾਰੀ ਰੱਖਿਆ ਜਾਵੇਗਾ, ਕਿਉਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੇੜੇ ਤਾਪਘਰ ਬਣਾਂਵਾਲਾ ਨੇ ਜੋ ਸੀਵਰੇਜ ਦਾ ਪਾਣੀ ਟਰੀਟ ਕਰ ਕੇ ਲੈ ਕੇ ਜਾਣਾ ਸੀ, ਪ੍ਰੰਤੂ ਤਾਪਘਰ ਤੇ ਰਾਜਸੀ ਆਗੂਆਂ ਦੀ ਚੁੱਪ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇ ਰਹੀ ਹੈ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਫੌਰੀ ਦਖ਼ਲ ਦੇਣ ਦੇਕੇ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਹੋਰ ਵਿਹਤਰ ਤੇ ਤਿੱਖਾ ਕਰਨ ਲਈ ਸੰਘਰਸ਼ੀ ਕੌਂਸਲਰਾਂ, ਵਪਾਰਕ, ਰਾਜਸੀ, ਸਮਾਜਿਕ ਤੇ ਜਨਤਕ ਤੇ ਇਨਸਾਫ਼ ਪਸੰਦ ਜਥੇਬੰਦੀਆਂ ਨੇ 4 ਦਸੰਬਰ ਨੂੰ ਲਕਸ਼ਮੀ ਨਰਾਇਣ ਮੰਦਰ ਵਿਖੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਅਰਸ਼ਦੀਪ ਮਾਈਕਲ ਗਾਗੋਵਾਲ,ਰਾਜਵਿੰਦਰ ਰਾਣਾ,ਕਿ੍ਰਸ਼ਨ ਚੌਹਾਨ,ਬੋਘ ਸਿੰਘ ਮਾਨਸਾ,ਧੰਨਾ ਮੱਲ ਗੋਇਲ, ਭਗਵੰਤ ਸਮਾਓ,ਮਨਦੀਪ ਗੋਰਾ,ਡਾ.ਮਾਨਵ ਜਿੰਦਲ, ਸੁਰੇਸ਼ ਨੰਦਗੜ੍ਹੀਆ,ਅਮਿ੍ਰਤਪਾਲ ਗੋਗਾ, ਰਾਮਪਾਲ ਸਿੰਘ, ਹੰਸਾ ਸਿੰਘ ਅਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਉਧਰ ਸ਼ਹਿਰ ਦਾ ਰਮਨ ਸਿਨੇਮਾ ਰੋਡ ਸੀਵਰੇਜ ਦੇ ਗੰਦੇ ਪਾਣੀ ’ਚ ਡੁੱਬ ਗਿਆ ਹੈ। ਖਾਸ ਕਰਕੇ ਮੱਲ ਸਿੰਘ ਵਾਲੀ ਗਲੀ ਦੇ ਨਜ਼ਦੀਕੀ ਲੋਕਾਂ ਦਾ ਬੁਦਬੂ ਨੇ ਜਿਉਣਾ ਦੁੱਭਰ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਈ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਹੈਰਾਨੀ ਦੀ ਗੱਲ ਹੈ ਕਿ ਲੋਕ ਨੁਮਾਇੰਦੇ, ਪ੍ਰਸ਼ਾਸਨਿਕ ਅਧਿਕਾਰੀ ਇਸ ’ਤੇ ਖ਼ਾਨਾਪੂਰਤੀ ਹੀ ਕਰ ਰਹੇ ਹਨ। ਮੁਹੱਲਾ ਨਿਵਾਸੀ ਜਸਵੰਤ ਸਿੰਘ, ਦਲਵਿੰਦਰ ਸਿੰਘ, ਸੁਰਿੰਦਰ ਸਿੰਘ, ਕੈਪਟਨ ਸੁਖਵਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।