ਸੀਵਰੇਜ ਦੀ ਸਮੱਸਿਆ ਖ਼ਿਲਾਫ਼ ਸੰਘਰਸ਼ ਵਿੱਢਿਆ
ਪਵਨ ਗੋਇਲ
ਭੁੱਚੋ ਮੰਡੀ, 13 ਸਤੰਬਰ
ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਭੁੱਚੋ ਮੰਡੀ ਦੇ ਗੁਰੂ ਅਰਜਨ ਦੇਵ ਨਗਰ ਦੇ ਵਾਸੀਆਂ ਨੇ ਅੱਜ ਦੂਜੇ ਦਿਨ ਵੀ ਫੁਹਾਰਾ ਚੌਕ ਵਿੱਚ ਮੁੱਖ ਸੜਕ ’ਤੇ ਜਾਮ ਲਗਾਇਆ। ਅੱਜ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਪ੍ਰਸ਼ਾਸਨ ਦੀ ਇਸ ਬੇਰੁਖੀ ਤੋਂ ਭੜਕੇ ਲੋਕਾਂ ਨੇ ਕੱਲ੍ਹ ਨੂੰ ਫਿਰ ਅਣਮਿੱਥੇ ਸਮੇਂ ਲਈ ਜਾਮ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸੀਵਰੇਜ ਸਿਸਟਮ ਨੂੰ ਬਿੱਲਕੁੱਲ ਠੀਕ ਕੀਤਾ ਜਾਵੇ। ਧਰਨੇ ਵਿੱਚ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਸਾਧੂ ਸਿੰਘ ਸ਼ਰਮਾ, ਡਾ. ਗੁਰਦੀਪ ਸਿੰਘ, ਹਿੰਦੋ ਸਿੰਘ, ਕਰਮ ਸਿੰਘ, ਆਤਮਾ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਗੁਰੂ ਅਰਜਨ ਦੇਵ ਨਗਰ ਦੀਆਂ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਨਗਰ ਕੌਂਸਲ ਦੇ ਅਧਿਕਾਰੀ ਇਸ ਸਮੱਸਿਆ ਨੂੰ ਹੱਲ ਨਹੀਂ ਕਰਦੇ, ਉਨੀ ਦੇਰ ਸੰਘਰਸ਼ ਜਾਰੀ ਰਹੇਗਾ। ਇਸ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨ ਝੱਲਣੀ ਪਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਵੱਡੇ ਕੰਮ ਵਿੱਚ ਸਮਾਂ ਜਰੂਰ ਲੱਗਦਾ ਹੈ।