ਸੀਬੀਐੱਸਈ: ਜਲੰਧਰ ਜ਼ਿਲ੍ਹੇ ’ਚ ਬਾਰ੍ਹਵੀਂ ਵਿੱਚੋਂ ਤ੍ਰਿਸ਼ਾ ਤੇ ਰਿਸ਼ਮਪ੍ਰੀਤ ਅੱਵਲ
ਹਤਿੰਦਰ ਮਹਿਤਾ
ਜਲੰਧਰ, 13 ਮਈ
ਜਲੰਧਰ ਦੇ ਵਿਦਿਆਰਥੀਆਂ ਨੇ ਇਸ ਸਾਲ ਸੀਬੀਐੱਸਈ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸੀਬੀਐੱਸਈ ਵੱਲੋਂ ਐਲਾਨੇ ਨਤੀਜੇ ’ਚ ਬਾਰ੍ਹਵੀਂ ਵਿੱਚੋਂ ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਸ਼ਾਖਾ ਦੀ ਤ੍ਰਿਸ਼ਾ ਅਰੋੜਾ ਅਤੇ ਪੁਲੀਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਦੀ ਰਿਸ਼ਮਪ੍ਰੀਤ ਕੌਰ ਨੇ ਹਿਊਮੈਨੀਟੀਜ਼ ਸਟਰੀਮ ਵਿੱਚ 99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਦੋਵਾਂ ਟੌਪਰਾਂ ਨੇ ਆਪਣੀ ਸਫਲਤਾ ਦਾ ਸਿਹਰਾ ਸਵੈ-ਅਨੁਸ਼ਾਸਨ ਨੂੰ ਦਿੱਤਾ।
ਜ਼ਿਲ੍ਹੇ ਵਿੱਚ ਦੂਜਾ ਸਥਾਨ ਐੱਮਡੀ ਦਯਾਨੰਦ ਮਾਡਲ ਸਕੂਲ, ਨਕੋਦਰ ਦੀ ਰੁਪਿੰਦਰ ਕੌਰ ਅਤੇ ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਬ੍ਰਾਂਚ ਦੇ ਯੋਜੀਤ ਵਰਮਾ ਨੇ ਪ੍ਰਾਪਤ ਕੀਤਾ। ਦੋਵਾਂ ਵਿਦਿਆਰਥੀਆਂ ਨੇ ਕਾਮਰਸ ਸਟਰੀਮ ਵਿੱਚ 98.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਦਸਵੀਂ ਵਿੱਚ ਐਮਜੀਐਨ ਪਬਲਿਕ ਸਕੂਲ, ਅਰਬਨ ਅਸਟੇਟ ਫੇਜ਼ 99 ਦੀ ਅਦਾ ਪੁਰੀ, 99.8 ਪ੍ਰਤੀਸ਼ਤ ਦੇ ਸ਼ਾਨਦਾਰ ਅੰਕਾਂ ਨਾਲ ਜ਼ਿਲ੍ਹੇ ਦੀ ਟੌਪਰ ਬਣੀ। ਰੀਅਲਟਰ ਸਮੀਰ ਕੁਮਾਰ ਪੁਰੀ ਦੀ ਧੀ ਅਦਾ ਲੇਖਾਕਾਰ ਬਣਨਾ ਚਾਹੁੰਦੀ ਹੈ। ਐਮਜੀਐਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਜਵਿੰਦਰ ਪਾਲ ਨੇ ਅਦਾ ਦੀ ਪ੍ਰਾਪਤੀ ਦੀ ਪ੍ਰਸ਼ੰਸਾ ਕੀਤੀ। ਦਸਵੀਂ ਜਮਾਤ ਵਿੱਚ ਦੂਜਾ ਸਥਾਨ ਸੰਤ ਸਵਾਮੀ ਦਾਸ ਪਬਲਿਕ ਸਕੂਲ ਦੀ ਗੁਨੀਤ ਕੌਰ ਨੇ ਪ੍ਰਾਪਤ ਕੀਤਾ, ਜਿਸ ਨੇ 99.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਤੀਜਾ ਸਥਾਨ ਸਾਂਝੇ ਤੌਰ ’ਤੇ ਸੇਠ ਹੁਕਮ ਚੰਦ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੰਗਲ ਸੋਹਲ-ਵਰਿਆਣਾ ਬ੍ਰਾਂਚ ਦੀ ਸ਼੍ਰੇਆ ਅਤੇ ਸੀਜੇਐਸ ਪਬਲਿਕ ਸਕੂਲ ਦੀ ਹਰਲੀਨ ਕੌਰ ਨੇ ਪ੍ਰਾਪਤ ਕੀਤਾ, ਦੋਵਾਂ ਨੇ 99.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।