ਸੀਟੂ ਆਗੂਆਂ ਵੱਲੋਂ ਅੱਖਾਂ ’ਤੇ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ
ਸੰਤੋਖ ਗਿੱਲ
ਰਾਏਕੋਟ, 16 ਮਈ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਕਾਰਕੁਨਾਂ ਨੇ ਅੱਜ ਰਾਏਕੋਟ ਦੀ ਸਬਜ਼ੀ ਮੰਡੀ ਵਿੱਚ ਅੱਖਾਂ ਉਪਰ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿੱਚ ਸ਼ਰਾਬ ਵਾਲੀਆਂ ਬੋਤਲਾਂ ਚੁੱਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਡਰਾਮਾ ਕਰਾਰ ਦਿੰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਦਰਜਨ ਗ਼ਰੀਬ ਮਜ਼ਦੂਰਾਂ ਦੇ ਘਰਾਂ ਵਿੱਚ ਸੱਥਰ ਵਿਛਾ ਕੇ ਸਰਕਾਰ ‘ਨਸ਼ਾ ਮੁਕਤੀ ਯਾਤਰਾ’ ਕਰ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕਰ ਰਹੀ ਹੈ।
ਸੀਟੂ ਆਗੂਆਂ ਨੇ ਦੋਸ਼ ਲਾਇਆ ਕਿ ਰਾਏਕੋਟ ਹਲਕੇ ਵਿੱਚ ਸਰਕਾਰ ਦੀ ਸ਼ਹਿ ਉੱਪਰ ਸ਼ਰੇਆਮ ਨਕਲੀ ਅਤੇ ਦੂਜੇ ਰਾਜਾਂ ਦੀ ਸ਼ਰਾਬ ਰੋਜ਼ਾਨਾ ਧੜਾਧੜ ਵੇਚੀ ਜਾ ਰਹੀ ਹੈ ਅਤੇ ਪੁਲੀਸ ਅੱਖਾਂ ਬੰਦ ਕਰ ਕੇ ਬੈਠੀ ਹੈ। ਉਨ੍ਹਾਂ ਨਕਲੀ ਸ਼ਰਾਬ ਵੇਚਣ ਵਾਲਿਆਂ ਦੇ ਸੱਤਾਧਾਰੀ ਧਿਰ ਨਾਲ ਰਿਸ਼ਤਿਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।