ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਬੱਸ ਅੱਡੇ ਵਿੱਚ ਧਰਨਾ
ਕੁਲਦੀਪ ਸਿੰਘ
ਚੰਡੀਗੜ੍ਹ, 16 ਜੂਨ
ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਸ਼ੁਰੂ ਕੀਤੇ ਧਰਨਿਆਂ ਦੀ ਲੜੀ ਤਹਿਤ ਅੱਜ ਸੈਕਟਰ-43 ਦੇ ਬੱਸ ਅੱਡੇ ਵਿੱਚ ਜਨਰਲ ਮੈਨੇਜਰ ਟਰੈਫਿਕ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਵਿੱਚ ਪੀਆਰਟੀਸੀ ਵਰਕਰਜ਼ ਯੂਨੀਅਨ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਨਰਲ ਮੈਨੇਜਰ ਟਰੈਫਿਕ ਨੂੰ ਉਸ ਦੇ ਪਿੱਤਰੀ ਰਾਜ ਵਿੱਚ ਵਾਪਸ ਭੇਜਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਯੂਨੀਅਨ ਨੇ ਸੈਕਟਰੀ ਟਰਾਂਸਪੋਰਟ ਨਾਲ ਵੀ ਮੀਟਿੰਗ ਦਾ ਸਮਾਂ ਮੰਗਿਆ ਤਾਂ ਜੋ ਸੀਟੀਯੂ ਮੁਲਾਜ਼ਮਾਂ ਨੂੰ ਜਨਰਲ ਮੈਨੇਜਰ ਦੇ ਵਤੀਰੇ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਜਾ ਸਕੇ।
ਧਰਨਾਕਾਰੀਆਂ ਨੇ ਜਨਰਲ ਮੈਨੇਜਰ ’ਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀਆਂ ਕਰਨ ਅਤੇ ਵਿਭਾਗ ਵਿੱਚ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸੀਟੀਯੂ ਦੇ ਹਰਿਆਣਾ ਰਾਜ ਨਾਲ ਸਬੰਧਤ ਰੂਟਾਂ ’ਤੇ ਹਰਿਆਣਾ ਰੋਡਵੇਜ਼ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਇਸ ਜੀਐੱਮ ਦਾ ਨਾਮ ਲੈ ਕੇ ਸੀਟੀਯੂ ਦੇ ਕਰਮਚਾਰੀਆਂ ਨੂੰ ਧਮਕਾਉਂਦੇ ਰਹਿੰਦੇ ਹਨ। ਹਿਮਾਚਲ ਰੋਡਵੇਜ਼ ਨੂੰ ਸੀਟੀਯੂ ਵਿਭਾਗ ਤੋਂ ਅਲਾਟ ਪੁੱਛ-ਪੜਤਾਲ ਕਾਊਂਟਰ ਨੂੰ ਐਡਵਾਂਸ ਬੁਕਿੰਗ ਲਈ ਵਰਤ ਕੇ ਸੀਟੀਯੂ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ।
ਧਰਨੇ ਨੂੰ ਜਨਰਲ ਸਕੱਤਰ ਧਰਮਿੰਦਰ ਸਿੰਘ ਰਾਹੀ, ਯੂਨੀਅਨ ਪ੍ਰਧਾਨ ਜੋਗਿੰਦਰ ਸਿੰਘ, ਰਵੀਸ਼ ਕੁਮਾਰ, ਹਾਕਮ ਸਿੰਘ, ਦਿਨੇਸ਼ ਕੁਮਾਰ, ਉਮ ਪਰਕਾਸ਼, ਸੁਰਿੰਦਰ ਸਿੰਘ, ਅਮਰਦੀਪ ਸਿੰਘ, ਅਤਰ ਸਿੰਘ, ਜਤਿੰਦਰ ਪਾਲ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਰੋਹਤਾਸ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਧਰਨੇ ਵਿੱਚ ਚੰਡੀਗੜ੍ਹ ਦੀਆਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਕ੍ਰਿਸ਼ਨ ਕੁਮਾਰ ਚੱਢਾ, ਗੋਪਾਲ ਦੱਤ ਜੋਸ਼ੀ, ਰਘਵੀਰ ਚੰਦ, ਰਜਿੰਦਰ ਕਟੋਚ, ਏਟਕ ਦੇ ਸੀਨੀਅਰ ਆਗੂ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਫੈਡਰੇਸ਼ਨ ਤੋਂ ਰਾਜਿੰਦਰ ਕੁਮਾਰ, ਰਣਵੀਰ ਰਾਣਾ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਵੀ ਸਾਥੀਆਂ ਸਣੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ।
ਲੀਡਰਸ਼ਿਪ ਨੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇ ਸੈਕਟਰੀ ਟਰਾਂਸਪੋਰਟ ਵੱਲੋਂ ਯੂਨੀਅਨ ਨਾਲ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ 24 ਜੂਨ ਨੂੰ ਜਨਰਲ ਮੈਨੇਜਰ ਟਰੈਫਿਕ ਦਾ ਪੁਤਲਾ ਫੂਕਿਆ ਜਾਵੇਗਾ।