ਸੀਆਈਏ ਸਟਾਫ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ’ਤੇ ਛਾਪੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਮਈ
ਸਥਾਨਕ ਸੀਆਈਏ ਸਟਾਫ਼ ਨੇ ਕੇਂਦਰੀ ਏਜੰਸੀ ਦੀ ਮਦਦ ਨਾਲ ਨਸ਼ਾ ਤਸਕਰਾਂ ਦੇ ਘਰਾਂ ’ਤੇ ਛਾਪੇ ਮਾਰ ਕੇ ਹਥਿਆਰ, ਗੋਲੀਸਿੱਕਾ, ਡਰੱਗ ਮਨੀ ਤੇ ਗਹਿਣੇ ਜ਼ਬਤ ਕੀਤੇ ਹਨ। ਜ਼ਬਤ ਸਮਾਨ ’ਚ 12 ਬੋਰ ਦੀ ਰਾਈਫਲ, ਇੱਕ ਪਿਸਤੌਲ ਤੇ 324 ਕਾਰਤੂਸ, 5.19 ਲੱਖ ਦੀ ਡਰੱਗ ਮਨੀ ਤੇ ਲਗਪਗ 5 ਤੋਲੇ ਸੋਨੇ ਦੇ ਗਹਿਣੇ ਸ਼ਾਮਲ ਹਨ।
ਐੱਸਐੱਸਪੀ ਅਜੈ ਗਾਂਧੀ ਨੇ ਦੱਸਿਆ ਕਿ ਐੱਸਪੀ (ਡੀ) ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ (ਡੀ) ਸੁਖਅੰਮ੍ਰਿਤ ਸਿੰਘ ਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਕੇਂਦਰੀ ਏਜੰਸੀ ਦੀ ਮਦਦ ਨਾਲ ਕਥਿਤ ਨਸ਼ਾ ਤਸਕਰਾਂ ਬਲਰਾਜ ਸਿੰਘ ਅਤੇ ਦਵਿੰਦਰ ਸਿੰਘ ਦੇ ਘਰ ਛਾਪੇ ਮਾਰੇ। ਇਹ ਦੋਵੇਂ ਮੁਲਜ਼ਮ ਘਰ ’ਚ ਨਹੀਂ ਮਿਲੇ ਪਰ ਤਲਾਸ਼ੀ ਦੌਰਾਨ 12 ਬੋਰ ਦੀ ਰਾਈਫਲ ਸਣੇ 143 ਕਾਰਤੂਸ, 30 ਬੋਰ ਦਾ ਇੱਕ ਪਿਸਤੌਲ, 25 ਕਾਰਤੂਸਾਂ ਸਣੇ ਦੋ ਮੈਗਜ਼ੀਨ, 32 ਬੋਰ ਰਿਵਾਲਵਰ ਦੇ 28 ਆਟੋ ਰੌਂਦ ਤੇ 8 ਕਾਰਤੂਸ, 32 ਬੋਰ ਪਿਸਤੌਲ ਦੇ 120 ਕਾਰਤੂਸ ਤੇ 1,45,100 ਰੁਪਏ ਭਾਰਤੀ ਕਾਰੰਸੀ ਤੇ ਲਗਪਗ 5 ਤੋਲੇ ਸੋਨੇ ਦੇ ਗਹਿਣਿਆਂ ਸਣੇ ਹੋਰ ਸਮਾਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਦੋ ਹੋਰ ਵਿਅਕਤੀਆਂ ਲਖਵੀਰ ਸਿੰਘ ਉਰਫ਼ ਲੱਖਾ ਪਿੰਡ ਬੁੱਕਣਵਾਲਾ ਅਤੇ ਨਵਜੋਤ ਸਿੰਘ ਪਿੰਡ ਮੋਠਾਵਾਲੀ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 3.74 ਲੱਖ ਰੁਪਏ ਡਰੱਗ ਮਨੀ (ਭਾਰਤੀ ਕਰੰਸੀ) ਬਰਾਮਦ ਕੀਤੀ ਗਈ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਪੁੱਛ ਪੜਤਾਲ ’ਚ ਦੱਸਿਆ ਕਿ ਇਹ ਰਕਮ ਉਨ੍ਹਾਂ ਨੂੰ ਮੁਲਜ਼ਮ ਬਲਰਾਜ ਸਿੰਘ ਵਾਸੀ ਬੁੱਕਣਵਾਲਾ ਨੇ ਹੈਰੋਇਨ ਲਿਆਉਣ ਸਬੰਧੀ ਦਿੱਤੀ ਸੀ।