ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਜੀਪ ਨਹਿਰ ’ਚ ਸੁੱਟੀ
ਹਤਿੰਦਰ ਮਹਿਤਾ
ਜਲੰਧਰ, 4 ਸਤੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅੱਜ ਉਸ ਦੇ ਪ੍ਰਸ਼ੰਸਕ ਨੇ ਇੱਥੋਂ ਦੀ ਬਸਤੀ ਬਾਵਾ ਖੇਲ ਨਹਿਰ ’ਚ ਆਪਣੀ ਥਾਰ ਜੀਪ ਸੁੱਟ ਦਿੱਤੀ। ਇਸ ਦੌਰਾਨ ਨਹਿਰ ’ਚ ਨਹਾ ਰਹੇ ਬੱਚੇ ਵਾਲ-ਵਾਲ ਬਚ ਗਏ। ਘਟਨਾ ਮਗਰੋਂ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਰੇਨ ਦੀ ਮਦਦ ਨਾਲ ਜੀਪ ਨਹਿਰ ’ਚੋਂ ਬਾਹਰ ਕੱਢੀ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਜੀਪ ਨਹਿਰ ’ਚੋਂ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਜੀਪ ਚਲਾ ਰਹੇ ਨੌਜਵਾਨ ਅਤੇ ਉਸ ਵਿੱਚ ਸਵਾਰ ਨੌਜਵਾਨਾਂ ਨੂੰ ਵੀ ਥਾਣਾ ਬਾਵਾ ਬਸਤੀ ਖੇਲ ਲਿਜਾਇਆ ਗਿਆ ਹੈ।ਜੀਪ ਨੂੰ ਨਹਿਰ ਵਿੱਚ ਸੁੱਟਣ ਤੋਂ ਬਾਅਦ ਹੋਏ ਹੰਗਾਮੇ ਮਗਰੋਂ ਨੌਜਵਾਨਾਂ ਨੇ ਕਿਹਾ ਕਿ ਉਹ ਮਰਹੂਮ ਗਾਇਕ ਮੂਸੇਵਾਲਾ ਦੇ ਪ੍ਰਸ਼ੰਸਕ ਹਨ ਅਤੇ ਮੂਸੇਵਾਲਾ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਨਹਿਰ ਵਿੱਚ ਜੀਪ ਸੁੱਟਣ ਵਾਲੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਸ ਦੇ ਮਾਪੇ ਕਾਤਲਾਂ ਬਾਰੇ ਦੱਸ ਰਹੇ ਹਨ ਪਰ ਉਹ ਫੜੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੇ ਜੀਪ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ।