ਸਿੱਧੂ ਮੂਸੇਵਾਲਾ ਕਤਲ: ਅਦਾਲਤ ’ਚ ਗਵਾਹੀ ਨਾ ਦੇ ਸਕੇ ਬਲਕੌਰ ਸਿੰਘ
05:00 AM May 24, 2025 IST
ਪੱਤਰ ਪ੍ਰੇਰਕ
ਮਾਨਸਾ, 23 ਮਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਅੱਜ ਮਾਨਸਾ ਦੀ ਅਦਾਲਤ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਣੀ ਸੀ ਪਰ ਉਹ ਸਿਹਤ ਖ਼ਰਾਬ ਹੋਣ ਕਾਰਨ ਅਦਾਲਤ ਵਿੱਚ ਪੇਸ਼ੀ ਲਈ ਨਹੀਂ ਆ ਸਕੇ। ਅਦਾਲਤ ਨੇ ਹੁਣ ਬਲਕੌਰ ਸਿੰਘ ਨੂੰ ਅਗਲੀ ਪੇਸ਼ ਲਈ ਚਾਰ ਜੁਲਾਈ ਨੂੰ ਬੁਲਾਇਆ ਹੈ। ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਇਸ ਕਤਲ ਕੇਸ ਵਿੱਚ ਜਾਂਚ ਅਧਿਕਾਰੀ (ਆਈਓ) ਅੰਗਰੇਜ਼ ਸਿੰਘ ਤੇ ਸੁਖਪਾਲ ਸਿੰਘ ਨੂੰ ਵੀ ਉਸੇ ਦਿਨ ਆਪਣੇ ਬਿਆਨ ਦਰਜ ਕਰਵਾਉਣ ਲਈ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਹੇਠਲੀ ਅਦਾਲਤ ਨੇ ਹੁਣ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਜੋ ਇਸਤਗਾਸਾ ਪੱਖ ਦੇ ਗਵਾਹ ਤੇ ਸ਼ਿਕਾਇਤਕਰਤਾ ਹਨ, ਨੂੰ ਜਾਂਚ ’ਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤਾ ਸੀ ਪਰ ਉਹ ਅੱਜ ਪੇਸ਼ ਨਹੀਂ ਹੋ ਸਕੇ। ਅਦਾਲਤ ਨੇ ਕੇਸ ਦੇ ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਨੂੰ ਵੀ ਸੰਮਨ ਜਾਰੀ ਕੀਤੇ ਸਨ।
Advertisement
Advertisement