ਸਿੱਖ ਕਤਲੇਆਮ: ਹਾਈ ਕੋਰਟ ’ਚ ਅਗਲੀ ਪੇਸ਼ੀ 5 ਅਗਸਤ ਨੂੰ
05:20 AM May 11, 2025 IST
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 10 ਮਈ
ਹਰਿਆਣਾ ਦੇ ਗੁਰੂਗ੍ਰਾਮ ਤੇ ਪਟੌਦੀ ਵਿੱਚ ਭੀੜ ਵੱਲੋਂ 297 ਘਰਾਂ ਨੂੰ ਅੱਗ ਲਗਾ ਕੇ ਸਾੜਨ ਅਤੇ 47 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਅਗਲੀ ਪੇਸ਼ੀ 5 ਅਗਸਤ ਨੂੰ ਹਾਈ ਕੋਰਟ ਵਿੱਚ ਹੋਵੇਗੀ। ਹੋਦ ਚਿੱਲੜ ਵਿੱਚ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ-ਨਾਲ ਹੁਣ ਗੁਰੂਗ੍ਰਾਮ ਤੇ ਪਟੌਦੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਤੇ ਹੋਰ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਕਰ ਰਹੇ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ 9 ਸਰਕਾਰੀ ਧਿਰਾਂ ਨੂੰ ਇਸ ਕੇਸ ਸਬੰਧੀ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਸਨ। ਜਸਟਿਸ ਕੁਲਦੀਪ ਤਿਵਾੜੀ ਨੇ ਸਰਕਾਰੀ ਧਿਰਾਂ ਵੱਲੋਂ ਨੋਟਿਸ ਦਾ ਜਵਾਬ ਨਾ ਦੇਣ ’ਤੇ ਦਸ ਦਸ ਹਜ਼ਾਰ ਰੁਪਏ ਜੁਰਮਾਨੇ ਕੀਤੇ ਅਤੇ ਅਗਲੀ 5 ਅਗਸਤ ਦੀ ਪੇਸ਼ੀ ’ਤੇ ਜਵਾਬ ਦੇਣ ਦਾ ਹੁਕਮ ਦਿੱਤਾ।
Advertisement
Advertisement