ਸਿੱਖਿਆ ਵਿਭਾਗ ਦੀਆਂ ਨੀਤੀਆਂ ਖ਼ਿਲਾਫ਼ ਡਟੇ ਅਧਿਆਪਕ
ਧਿਆਨ ਸਿੰਘ ਭਗਤ
ਕਪੂਰਥਲਾ, 25 ਦਸੰਬਰ
ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ 19 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਚ ਅਧਿਆਪਕ ਵਰਗ ਦੀਆਂ ਮੰਗਾਂ ਸਬੰਧੀ ਹੋਈ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਜ਼ਿਲ੍ਹਾ ਪੱਧਰ ’ਤੇ ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਵਿਚ ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਵਿਭਾਗ ਦੀਆਂ ਸਿੱਖਿਆ ਮਾਰੂ ਨੀਤੀਆਂ ਦੀ ਵਿਰੋਧਤਾ ਕਰਦੇ ਹੋਏ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਮਿਡਲ ਅਤੇ ਘੱਟ ਗਿਣਤੀ ਵਾਲੇ ਬੱਚਿਆਂ ਦੇ ਸਕੂਲਾਂ ਨੂੰ ਬੰਦ ਕਰਨ, ਤਰੱਕੀਆਂ ਅਤੇ ਨਿਯੁਕਤੀਆਂ ਸਮੇਂ ਸਮੁੱਚੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਤੋਂ ਇਨਕਾਰ ਕਰਨ ਅਤੇ ਸੀ ਐਂਡ ਵੀ ਅਧਿਆਪਕਾਂ ਦੀ ਰਿਕਵਰੀ ਸਬੰਧੀ ਕੋਈ ਠੋਸ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਗਈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਖਦਿਆਲ ਸਿੰਘ ਝੰਡ, ਸੁਖਚੈਨ ਸਿੰਘ ਬੱਧਨ, ਸਰਵਨ ਸਿੰਘ ਔਜਲਾ, ਲੈਕਚਰਾਰ ਰਾਜੇਸ਼ ਜੋਲੀ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ, ਪੇਂਡੂ ਭੱਤਾ ਅਤੇ ਏਸੀਪੀ ਤੁਰੰਤ ਲਾਗੂ ਕੀਤਾ ਜਾਵੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ):
ਸਾਂਝਾ ਅਧਿਆਪਕ ਮੋਰਚੇ ਵੱਲੋਂ ਮਿਡਲ ਸਕੂਲ ਬੰਦ ਕਰਨ ਦੇ ਸਰਕਾਰੀ ਫ਼ੈਸਲੇ ਅਤੇ ਸੀ.ਐਂਡ.ਵੀ ਕਾਡਰ ਦੀ ਤਨਖਾਹ ’ਚ ਕਟੌਤੀ ਦੇ ਰੋਸ ਵਜੋਂ ਸਿੱਖਿਆ ਮੰਤਰੀ ਖਿਲਾਫ਼ ਮਿਨੀ ਸਕੱਤਰੇਤ ਦੇ ਬਾਹਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ):
ਜ਼ਿਲ੍ਹਾ ਗੁਰਦਾਸਪੁਰ ਦੀਆਂ ਅਧਿਆਪਕ ਜਥੇਬੰਦੀਆਂ ਗੌਰਮਿੰਟ ਟੀਚਰਜ਼ ਯੂਨੀਅਨ, ਐਲੀਮੈਂਟਰੀ ਟੀਚਰਜ਼ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ, ਡੀ ਟੀ ਐਫ, ਐਸ ਸੀ ਬੀ ਸੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਏ ਕਿ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਦਾਸਪੁਰ ਵਲੋਂ ਈਟੀਟੀ ਤੋਂ ਹੈੱਡ ਟੀਚਰ ਤਰੱਕੀਆਂ ਦੀ ਸਟੇਸ਼ਨ ਚੋਣ ਵਿੱਚ ਨਿਯਮਾਂ ਦੀ ਅਣਦੇਖੀ ਕਰਕੇ ਹੱਕਦਾਰ ਅਧਿਆਪਕਾਂ ਨੂੰ ਜਾਣ ਬੁੱਝ ਕੇ ਦੂਰ ਦੁਰਾਡੇ ਸਟੇਸ਼ਨ ਦਿੱਤੇ ਗਏ ਹਨ। ਕੁਲਦੀਪ ਪੂਰੋਵਾਲ, ਅਸ਼ਵਨੀ ਫੱਜੂਪੁਰ ਨੇ ਦੱਸਿਆ ਸਟੇਸ਼ਨ ਚੋਣ ਸਮੇਂ ਕਈ ਸਟੇਸ਼ਨ ਲਿਸਟ ਵਿੱਚ ਨਹੀਂ ਦਿਖਾਏ ਗਏ ਅਤੇ ਕਈ ਉਹ ਸਟੇਸ਼ਨ ਦਿਖਾਏ ਗਏ ਜਿੱਥੇ ਪਹਿਲਾਂ ਹੀ ਹੈੱਡ ਟੀਚਰ ਕੰਮ ਕਰ ਰਹੇ ਹਨ। ਨਿਯਮਾਂ ਅਨੁਸਾਰ ਬੈਕਲਾਗ, ਅੰਗਹੀਣ ਅਧਿਆਪਕਾਂ ਨੂੰ ਸਟੇਸ਼ਨ ਚੋਣ ਵਿੱਚ ਪਹਿਲ ਨਹੀਂ ਦਿੱਤੀ ਗਈ।
ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ
ਪਠਾਨਕੋਟ (ਐਨ ਪੀ ਧਵਨ):
ਸਾਂਝੇ ਅਧਿਆਪਕ ਮੋਰਚੇ ਵੱਲੋਂ ਡੀਸੀ ਦਫ਼ਤਰ ਬੋਧ ਰਾਜ, ਸੁਭਾਸ਼ ਪਠਾਨਕੋਟ, ਮੈਡਮ ਪ੍ਰਿਅੰਕਾ ਅਤੇ ਅਮਨਦੀਪ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ।ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਸਾਂਝੇ ਅਧਿਆਪਕ ਮੋਰਚਾ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਮੰਗਾਂ ਮੰਨਣ ਦੀ ਥਾਂ ਸਿੱਖਿਆ ਮੰਤਰੀ ਮੀਟਿੰਗ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਰੱਦ ਕਰੇ, ਮਾਸਟਰ ਤੋਂ ਲੈਕਚਰਾਰ ਕੇਡਰ ਵਿੱਚ ਪ੍ਰਮੋਟ ਹੋਏ ਅਧਿਆਪਕਾਂ ਨੂੰ ਆਪਣੇ ਘਰ ਦੇ ਨਜ਼ਦੀਕ ਸਟੇਸ਼ਨ ਚੁਣਨ ਦਾ ਮੌਕਾ ਦੇਵੇ, ਪੀਟੀਆਈ, ਆਰਟ ਐਂਡ ਕਰਾਫਟ ਅਤੇ ਸੀਐਂਡਵੀ ਅਧਿਆਪਕਾਂ ਦੀ ਤਨਖਾਹ ਕਟੌਤੀ ਵਾਲੇ ਪੱਤਰ ਨੂੰ ਵਾਪਸ ਲਵੇ।