ਸਿੱਖਿਆ ਮੰਤਰੀ ਵੱਲੋਂ ਮੀਟਿੰਗ ਸੱਦਣ ਮਗਰੋਂ ਮਾਰਚ ਮੁਲਤਵੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਗਸਤ
ਖੁਰਾਣਾ ਦਾ ਟੈਂਕੀ ਸੰਘਰਸ਼ ਪੰਜਾਬ ਸਰਕਾਰ ਲਈ ਸਿਰਦਰਦੀ ਬਣਿਆ ਹੋਇਆ ਹੈ ਜਿਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 8736 ਕੱਚੇ ਅਧਿਆਪਕਾਂ ਦੇ ਹੱਕ ਵਿੱਚ ਆਰੰਭੇ ਸੰਘਰਸ਼ ਦੇ ਹੱਲ ਲਈ 9 ਅਗਸਤ ਨੂੰ ਸਬੰਧਤ ਅਧਿਆਪਕਾਂ ਨਾਲ ਮੀਟਿੰਗ ਕਰਨ ਦੇ ਭਰੋਸੇ ਮਗਰੋਂ ਸਬੰਧਤ ਅਧਿਆਪਕ ਜਥੇਬੰਦੀਆਂ ਨੇ 6 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੋਸ ਮਾਰਚ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ। 8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਖੁਰਾਣਾ ਟੈਂਕੀ ਮੋਰਚਾ ਸੰਗਰੂਰ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਸਟੇਟ ਕਮੇਟੀ ਆਗੂ ਗੁਰਲਾਲ ਸਿੰਘ ਆਈਈਵੀ ਨੇ ਦੱਸਿਆ ਕਿ 6 ਅਗਸਤ ਤੇ 15 ਅਗਸਤ ਦੇ ਐਕਸ਼ਨਾਂ ਸਬੰਧੀ ਸਰਕਾਰ ਨੇ ਅਧਿਆਪਕ ਆਗੂਆਂ ਤੱਕ ਪਹੁੰਚ ਕਰਕੇ ਪਹਿਲਾਂ 15 ਅਗਸਤ ਤੋਂ ਬਾਅਦ ਮੀਟਿੰਗ ਦੇਣ ਦੀ ਪੇਸ਼ਕਸ਼ ਕੀਤੀ ਸੀ। ਅਧਿਆਪਕਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਮੁੱਢੋਂ ਹੀ ਰੱਦ ਕਰਦਿਆਂ 6 ਅਗਸਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਰੋਸ ਮਾਰਚ ਨੂੰ ਹਰ ਹਾਲਤ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਬਾਅਦ ਵਿੱਚ 9 ਅਗਸਤ ਨੂੰ ਬੁਲਾਉਣ ਦੇ ਮਾਮਲੇ ਸਬੰਧੀ ਹੋਈ ਮੀਟਿੰਗ ਵਿੱਚ ਰੋਸ ਮਾਰਚ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ। ਆਪਣੀ ਨੌਕਰੀ ਦੀ ਪਰਵਾਹ ਨਾ ਕਰਦਿਆਂ ਟੈਂਕੀ ‘ਤੇ ਡਟੇ ਇੰਦਰਜੀਤ ਸਿੰਘ ਮਾਨਸਾ ਦੇ ਹੌਂਸਲੇ ਬੁਲੰਦ ਹਨ ਜਿਸ ਦਾ ਕਹਿਣਾ ਹੈ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਦਾਅਵਾ ਹਾਸੋਹੀਣਾ ਹੈ।