ਸਿੱਖਾਂ ਨੂੰ ਹੱਕ ਮੰਗਣ ਦੇ ਅਧਿਕਾਰ ਤੋਂ ਵਾਂਝਾ ਕਰ ਰਿਹੈ ਕੇਂਦਰ: ਚੰਦੂਮਾਜਰਾ
ਪਟਿਆਲਾ, 7 ਜਨਵਰੀ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਇਨਸਾਫ ਮੋਰਚੇ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਚੰਦੂਮਾਜਰਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਆਗੂ ਆਪਣੇ ਹੱਕ ਮੰਗ ਰਹੇ ਸਨ ਅਤੇ ਪੁਲੀਸ ਉਨ੍ਹਾਂ ’ਤੇ ਲਾਠੀਚਾਰਜ ਕਰਕੇ ਤਸ਼ੱਦਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੱਕ ਮੰਗਣ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਰਹੀ ਹੈ। ਜੇਕਰ ਕਿਸਾਨ ਆਪਣੇ ਹੱਕ ਮੰਗਣ ਲਈ ਦਿੱਲੀ ਜਾਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੇ ਬਾਰਡਰਾਂ ’ਤੇ ਰੋਕ ਕੇ ਉਨ੍ਹਾਂ ’ਤੇ ਤਸ਼ੱਦਦ ਕੀਤੀ ਜਾਂਦੀ ਹੈ ਅਤੇ ਅੱਜ ਸਿੱਖ ਜਥੇਬੰਦੀਆਂ ਨੂੰ ਪੱਗਾਂ ਉਤਾਰ ਦਿੱਤੀਆਂ ਗਈਆਂ, ਉਨ੍ਹਾਂ ਨੂੰ ਥਾਣਿਆਂ ਵਿਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਅਜਿਹੇ ਫੈਸਲਿਆਂ ਨਾਲ ਸਿੱਖਾਂ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ ਤੇ ਬੀਬੀ ਕੁਲਦੀਪ ਕੌਰ ਟੌਹੜਾ ਸਮੇਤ ਅਕਾਲੀ ਆਗੂ ਸ਼ਰਨਜੀਤ ਸਿੰਘ ਜੋਗੀਪੁਰ, ਸਾਬਕਾ ਚੇਅਰਮੈਨ ਇੰਦਰਮੋਹਣ ਸਿੰਘ ਬਜਾਜ, ਜਗਜੀਤ ਸਿੰਘ ਕੋਹਲੀ, ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ ਨੇ ਘਟਨਾ ਦੀ ਨਿਖੇਧੀ ਕੀਤੀ ਹੈ।