ਸਿੰਧ ਜਲ ਸੰਧੀ ਫਿਲਹਾਲ ਮੁਅੱਤਲ ਰਹੇਗੀ: ਭਾਰਤ
04:16 AM May 23, 2025 IST
ਨਵੀਂ ਦਿੱਲੀ: ਭਾਰਤ ਨੇ ਅੱਜ ਮੁੜ ਕਿਹਾ ਕਿ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਇਸਲਾਮਾਬਾਦ ਸਰਹੱਦ ਪਾਰੋਂ ਅਤਿਵਾਦ ਨੂੰ ਹਮਾਇਤ ਦੇਣੀ ‘ਭਰੋਸੇਯੋਗ ਢੰਗ ਨਾਲ’ ਬੰਦ ਨਹੀਂ ਕਰ ਦਿੰਦਾ ਕਿਉਂਕਿ ‘ਪਾਣੀ ਤੇ ਖੂਨ’ ਇਕੱਠੇ ਨਹੀਂ ਵਹਿ ਸਕਦੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਹ ਵੀ ਕਿਹਾ ਕਿ ਇਸਲਾਮਾਬਾਦ ਨਾਲ ਕੋਈ ਵੀ ਦੁਵੱਲੀ ਵਾਰਤਾ ਸਿਰਫ਼ ਪਾਕਿ ਵੱਲੋਂ ਕਸ਼ਮੀਰ ਦੇ ਗ਼ੈਰਕਾਨੂੰਨੀ ਢੰਗ ਨਾਲ ਕਬਜ਼ੇ ਹੇਠਲੇ ਖੇਤਰਾਂ ਨੂੰ ਖਾਲੀ ਕਰਨ ’ਤੇ ਹੀ ਹੋਵੇਗੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮਸਲੇ ਨੂੰ ਸੁਲਝਾਉਣ ’ਚ ਭਾਰਤ ਤੇ ਪਾਕਿਸਤਾਨ ਦੀ ਮਦਦ ਕਰਨ ’ਚ ਦਿਲਚਸਪੀ ਦਿਖਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ, ‘ਤੁਸੀਂ ਸਾਡੀ ਸਥਿਤੀ ਤੋਂ ਚੰਗੀ ਤਰ੍ਹਾਂ ਵਾਕਫ ਹੋ ਕਿ ਭਾਰਤ-ਪਾਕਿ ਵਿਚਾਲੇ ਗੱਲਬਾਤ ਦੁਵੱਲੀ ਹੋਣੀ ਚਾਹੀਦੀ ਹੈ।’ -ਪੀਟੀਆਈ
Advertisement
Advertisement