ਸਿੰਧੂਰ ਸ਼ੌਰਿਆ ਰੈਲੀ ਕੱਢ ਕੇ ਭਾਰਤੀ ਫੌਜ ਦਾ ਧੰਨਵਾਦ
ਪੱਤਰ ਪ੍ਰੇਰਕ
ਪਠਾਨਕੋਟ, 25 ਮਈ
ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ਤੋਂ ਬਾਅਦ ਭਾਰਤੀ ਫੌਜ ਦੇ ਸਨਮਾਨ ਵਿੱਚ ਜ਼ਿਲ੍ਹਾ ਪਠਾਨਕੋਟ ਵਿਖੇ ਮਹਿਲਾ ਕੋਆਰਡੀਨੇਸ਼ਨ ਵੱਲੋਂ ਸਿੰਧੂਰ ਸ਼ੌਰਿਆ ਰੈਲੀ ਕੱਢੀ ਗਈ। ਰੈਲੀ ਵਿੱਚ ਭਾਰਤੀ ਫੌਜ ਦੀ ਕੈਪਟਨ ਰੁਚਾ ਨੇ ਵੀ ਭਾਗ ਲਿਆ ਤੇ ਉਨ੍ਹਾਂ ਨਾਰੀ ਸ਼ਕਤੀ ਦਾ ਧੰਨਵਾਦ ਕਰਦਿਆਂ ਰੈਲੀ ਦਾ ਉਦਘਾਟਨ ਕੀਤਾ। ਇਸ ਵਿੱਚ ਕਰੀਬ 350 ਔਰਤਾਂ ਨੇ ਭਾਗ ਲਿਆ। ਉਨ੍ਹਾਂ ਦੇਸ਼ ਦੇ ਬਹਾਦਰ ਸੈਨਿਕਾਂ ਦਾ ਮਨੋਬਲ ਇਹ ਕਹਿ ਕੇ ਵਧਾਇਆ ਕਿ ਪੂਰੀ ਨਾਰੀ ਸ਼ਕਤੀ ਹਰ ਸਥਿਤੀ ਵਿੱਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਰੈਲੀ ਦੌਰਾਨ ਔਰਤਾਂ ਉੱਚੀ-ਉੱਚੀ ਆਵਾਜ਼ ਵਿੱਚ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾ ਰਹੀਆਂ ਸਨ। ਇਹ ਰੈਲੀ ਚਿਲਡਰਨ ਪਾਰਕ ਤੋਂ ਸ਼ੁਰੂ ਹੋ ਕੇ ਆਹਾਤਾ ਚੌਂਕ, ਡਾਕਖਾਨਾ ਚੌਂਕ, ਮਿਸ਼ਨ ਰੋਡ, ਐਵਲਨ ਸਕੂਲ ਅਤੇ ਰਾਮਲੀਲਾ ਗਰਾਊਂਡ ਵਿੱਚੋਂ ਲੰਘਦੀ ਹੋਈ ਮੁੜ ਵਾਪਸ ਚਿਲਡਰਨ ਪਾਰਕ ਵਿੱਚ ਪੁੱਜ ਕੇ ਸਮਾਪਤ ਹੋਈ।
ਕੈਪਟਨ ਰੁਚਾ ਨੇ ਔਰਤਾਂ ਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਹ ਰੈਲੀ ਫੌਜ ਦੇ ਮਨੋਬਲ ਨੂੰ ਜ਼ਰੂਰ ਮਜ਼ਬੂਤ ਕਰੇਗੀ। ਇਸ ਮੌਕੇ ਕੋਆਰਡੀਨੇਟਰ ਅਲੀਸ਼ਾ ਜੰਡਿਆਲ, ਜੋਤੀ ਸ਼ਰਮਾ, ਮਾਧਵੀ, ਸ਼ਸ਼ੀ ਕਾਂਤਾ, ਸੁਮਨ ਨੇ ਰੁਚਾ ਨੂੰ ਇਕ ਪੌਦਾ ਭੇਂਟ ਕਰਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।