ਸਿੰਥੈਟਿਕ ਮਨੁੱਖੀ ਭਰੂਣ
ਵਿਗਿਆਨੀਆਂ ਅਤੇ ਖੋਜਕਾਰਾਂ ਨੇ ਦੁਨੀਆ ਦਾ ਪਹਿਲਾ ਸਿੰਥੈਟਿਕ ਮਨੁੱਖੀ ਭਰੂਣ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮੰਤਵ ਵਾਸਤੇ ਸ਼ੁਕਰਾਣੂ (ਸਪਰਮਜ਼) ਜਾਂ ਐਗਜ਼ ਨਹੀਂ ਵਰਤੇ ਗਏ; ਇਹ ਸਟੈੱਮ ਸੈੱਲਜ਼ (ਮਨੁੱਖੀ ਸਰੀਰ ਦੇ ਮੁੱਢਲੇ ਸੈੱਲ ਜਿਨ੍ਹਾਂ ਤੋਂ ਤਰ੍ਹਾਂ ਤਰ੍ਹਾਂ ਦੇ ਸੈੱਲ ਬਣਦੇ ਹਨ) ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਹੁਣ ਤਕ ਇਹੋ ਕਿਹਾ ਜਾਂਦਾ ਰਿਹਾ ਹੈ ਕਿ ਵਿਗਿਆਨੀਆਂ ਨੂੰ ਲੈਬਾਰਟਰੀ ‘ਚ ਵਿਕਸਤ ਭਰੂਣ (ਮਨੁੱਖੀ) ਕੇਵਲ 14 ਦਿਨ ਵਾਸਤੇ ਰੱਖਣ ਦੀ ਹੀ ਕਾਨੂੰਨੀ ਤੌਰ ‘ਤੇ ਆਗਿਆ ਸੀ ਪਰ ਇਸ ਮਾਮਲੇ ‘ਚ ਅਜਿਹਾ ਨਹੀਂ ਹੈ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਕੈਂਬਰਿਜ ਯੂਨੀਵਰਸਿਟੀ ਦੀ ਪ੍ਰੋਫੈਸਰ ਮੈਰਾਡਾਲੇਨਾ ਜ਼ੇਰਨਿਕਾ ਗੋਇਟਜ਼ ਨੇ ਆਪਣੀ ਇਸ ਖੋਜ ਬਾਰੇ ਦੱਸਿਆ ਕਿ ਹਾਲੇ ਇਸ ਦੀਆਂ ਸਮਰੱਥਾਵਾਂ ਤੇ ਸੰਭਾਵਨਾਵਾਂ ਬਾਰੇ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ; ਇਹ ਵਿਕਾਸ ਦੇ ਮੁੱਢਲੇ ਦੌਰ ‘ਚ ਹੈ; ਇਸ ਵਿਚ ਦਿਮਾਗ ਤੇ ਦਿਲ ਜਿਹੇ ਅੰਗ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਖੋਜ ਨਾਲ ਮਾਪਿਆਂ ਤੋਂ ਬੱਚਿਆਂ ‘ਚ ਜੀਨਜ਼ ਰਾਹੀਂ ਆਉਣ ਵਾਲੀਆਂ ਬਿਮਾਰੀਆਂ (ਜੈਨੇਟਿਕ) ਅਤੇ ਵਾਰ ਵਾਰ ਗਰਭਪਾਤ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਮਦਦ ਮਿਲੇਗੀ।
ਮਨੁੱਖੀ ਭਰੂਣ ਵਿਕਸਤ ਕਰਨ ਅਤੇ ਇਸ ਨੂੰ 14 ਦਿਨ ਤੋਂ ਵੱਧ ਸਮੇਂ ਲਈ ਰੱਖਣ ਬਾਰੇ ਨੈਤਿਕ ਸਵਾਲ ਉੱਠਣੇ ਸੁਭਾਵਿਕ ਹਨ। 2022 ‘ਚ ਇਜ਼ਰਾਈਲ ਦੇ ਵੁਈਜ਼ਮਨ ਇੰਸਟੀਚਿਊਟ ‘ਚ ਚੂਹੇ ਦੇ ਸਟੈੱਮ ਸੈੱਲਾਂ ਤੋਂ ਸਿੰਥੈਟਿਕ ਭਰੂਣ ਵਰਗੇ ਮਾਡਲ ਤਿਆਰ ਕਰ ਕੇ ਚੂਹੀ ਦੀ ਬੱਚੇਦਾਨੀ ‘ਚ ਰੱਖ ਕੇ ਵਿਕਸਤ ਕਰਨ ਦਾ ਯਤਨ ਨਾਕਾਮ ਹੋ ਗਿਆ ਸੀ। ਚੀਨ ‘ਚ ਅਜਿਹਾ ਪ੍ਰਯੋਗ ਬਾਂਦਰਾਂ ਨਾਲ ਕੀਤਾ ਗਿਆ ਸੀ ਪਰ ਉਹ ਵੀ ਸਫ਼ਲ ਨਹੀਂ ਹੋਇਆ ਸੀ। ਉਨ੍ਹਾਂ ਪ੍ਰਯੋਗਾਂ ਵਿਚ ਦਿਲ ਅਤੇ ਦਿਮਾਗ ਦੇ ਮੁੱਢਲੇ ਸਿੰਥੈਟਿਕ ਮਾਡਲ ਵਿਕਸਤ ਕਰਨ ਦੇ ਯਤਨ ਵੀ ਕੀਤੇ ਗਏ ਸਨ।
ਕੀ ਨਵੀਂ ਖੋਜ ਉਸ ਦਿਸ਼ਾ ਵੱਲ ਸੰਕੇਤ ਕਰਦੀ ਹੈ ਕਿ ਹੋਰ ਅਧਿਐਨ ਕੀਤੇ ਜਾਣ ਨਾਲ ਭਵਿੱਖ ‘ਚ ਸਿੰਥੈਟਿਕ ਭਰੂਣ ਤੋਂ ਮਨੁੱਖੀ ਬੱਚਾ ਵਿਕਸਤ ਕੀਤਾ ਜਾ ਸਕੇਗਾ। ਹਾਲੇ ਇਸ ਦੇ ਵਿਕਸਤ ਹੋਣ ਬਾਰੇ ਭਾਵੇਂ ਪੂਰੀ ਜਾਣਕਾਰੀ ਨਹੀਂ ਹੈ, ਤਾਂ ਵੀ ਅਜਿਹੀ ਕਿਸੇ ਵੀ ‘ਸਿਰਜਣਾ’ ‘ਤੇ ਕਾਬੂ ਰੱਖਣ ਲਈ ਮਜ਼ਬੂਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਨੈਤਿਕ ਤੇ ਇਖ਼ਲਾਕੀ ਤੌਰ ‘ਤੇ ਅਜਿਹੇ ਖੋਜ ਕਾਰਜਾਂ ‘ਤੇ ਮੁੱਢ ‘ਚ ਹੀ ਕਾਨੂੰਨੀ ਸ਼ਿਕੰਜਾ ਕੱਸਣਾ ਜ਼ਰੂਰੀ ਹੈ।