ਸਿੰਗਾਪੁਰ: ਕਬੂਤਰਾਂ ਨੂੰ ਚੋਗਾ ਪਾਉਣ ’ਤੇ ਭਾਰਤੀ ਮੂਲ ਦੀ ਬਿਰਧ ਨੂੰ ਜੁਰਮਾਨਾ
ਸਿੰਗਾਪੁਰ: ਸਿੰਗਾਪੁਰ ਵਿੱਚ ਭਾਰਤੀ ਮੂਲ ਦੀ 70 ਸਾਲਾਂ ਦੀ ਇੱਕ ਔਰਤ ਨੂੰ ਆਪਣੇ ਅਪਾਰਟਮੈਂਟ ਨੇੜੇ ਕਬੂੁਤਰਾਂ ਨੂੰ ਗ਼ੈਰਕਾਨੂੰਨੀ ਤੌਰ ’ਤੇ ਚੋਗਾ ਪਾਉਣ ’ਤੇ 1,200 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਨਿਊਜ਼ ਏਸ਼ੀਆ ਚੈਨਲ ਦੀ ਖ਼ਬਰ ਮੁਤਾਬਕ ਸਨਮੁਗਮਨਾਥਨ ਸ਼ਾਮਲਾ ਜੰਗਲੀ ਜੀਵਨ ਐਕਟ ਤਹਿਤ ਜੰਗਲੀ ਪੰਛੀਆਂ ਨੂੰ ਚੋਗਾ ਪਾਉਣ ਦੇ ਦੋ ਮਾਮਲਿਆਂ ’ਚ ਦੋਸ਼ੀ ਪਾਈ ਗਈ ਹੈ। ਇਸ ਮਾਮਲੇ ’ਚ ਨੈਸ਼ਨਲ ਪਾਰਕਸ ਬੋਰਡ (ਐੱਨਪਾਰਕਸ) ਦੀ ਕਬੂਤਰ ਫੜਨ ਦੀ ਕਵਾਇਦ ’ਚ ਅੜਿੱਕਾ ਪਾਉਣ ਸਣੇ 11 ਅਜਿਹੇ ਦੋਸ਼ਾਂ ਦੇ ਵਿਚਾਰ ਕੀਤੀ ਗਈ। ਸ਼ਾਮਲਾ ਨੂੰ ਉਦੋਂ ਫੜਿਆ ਗਿਆ ਸੀ ਜਦੋਂ ਐੱਨਪਾਰਕਸ ਐਨਫੋਰਸਮੈਂਟ ਅਧਿਕਾਰੀ ਲੋਰੋਂਗ (ਲੇਨ) 4 ਟੋਆ ਪਯੋਹ ਸਥਿਤ ਉਸ ਦੇ ਘਰ ਨੇੜੇ ਜਾਂਚ ਕਰ ਰਹੇ ਸਨ। ਇਹ ਘਟਨਾ 11 ਅਪਰੈਲ 2023 ਦੀ ਹੈ। ਅਧਿਕਾਰੀਆਂ ਨੇ ਉਸ ਨੂੰ ਕਬੂਤਰਾਂ ਨੂੰ ਦਾਣੇ ਪਾਉਂਦਿਆਂ ਦੇਖਿਆ ਅਤੇ ਉਸ ਨੂੰ ਰੋਕਦਿਆਂ ਕਿਹਾ ਕਿ ਅਜਿਹਾ ਕਰਨਾ ਇੱਕ ਗੁਨਾਹ ਹੈ। ਜੰਗਲੀ ਜੀਵਨ ਐਕਟ ਤਹਿਤ ਐੱਨਪਾਰਕਸ ਦੇ ਡਾਇਰੈਕਟਰ ਜਨਰਲ ਤੋਂ ਲਿਖਤੀ ਮਨਜ਼ੂਰੀ ਲਏ ਬਿਨਾਂ ਜੰਗਲੀ ਪੰਛੀਆਂ ਨੂੰ ਚੋਗਾ ਪਾਉਣਾ ਅਪਰਾਧ ਹੈ। ਹਾਲਾਂਕਿ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਸ਼ਾਮਲਾ ਨਵੰਬਰ 2024 ਤੱਕ ਵੱਖ-ਵੱਖ ਮੌਕਿਆਂ ’ਤੇ ਪੰਛੀਆਂ ਨੂੰ ਚੋਗਾ ਪਾਉਂਦੀ ਰਹੀ। -ਪੀਟੀਆਈ