ਸਿਹਤ ਸੇਵਾਵਾਂ ਵੱਲ ਧਿਆਨ ਦੇਣ ਮੰਤਰੀ: ਜੈਇੰਦਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇੱਕ ਦਿਨ ਪਹਿਲਾਂ ਹੀ ਇਥੋਂ ਦੀ ਛੋਟੀ ਅਤੇ ਵੱਡੀ ਨਦੀ ਤੋਂ ਆਉਂਦੇ ਰਹੇ ਹੜ੍ਹਾਂ ਦੌਰਾਨ ਇਸ ਨਾਲ ਜੁੜੀ ਚੱਲੀ ਰਹੀ ਨੱਥ ਚੂੜਾ ਚੜ੍ਹਾਉਣ ਦੀ ‘ਰਵਾਇਤ’ ਦੇ ਹਵਾਲੇ ਨਾਲ ਪਟਿਆਲਾ ਦੇ ਸ਼ਾਹੀ ਘੁਰਾਣੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਾਏ ਗਏ ਦੋਸ਼ਾਂ ਦਾ ਅੱਜ ਇਸ ਸ਼ਾਹੀ ਘਰਾਣੇ ਦੀ ਧੀ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈਇੰਦਰ ਕੌਰ ਨੇ ਮੋੜਵਾਂ ਜਵਾਬ ਦਿੱਤਾ ਹੈ। ਅੱਜ ਇਥੇ ਜਾਰੀ ਬਿਆਨ ’ਚ ਡਾ. ਬਲਬੀਰ ਸਿੰਘ ਨੂੰ ਸਿਹਤ ਮੰਤਰੀ ਵਜੋਂ ਬਣਦੀ ਜ਼ਿੰਮੇਵਾਰੀ ਨਿਭਾਉਣ ’ਚ ਫੇਲ੍ਹ ਗਰਦਾਨਦਿਆਂ ਜੈਇੰਦਰ ਕੌਰ ਨੇ ਕਿਹਾ ਕਿ ਜਿਸ ਸਿਹਤ ਮੰਤਰੀ ਦੇ ਆਪਣੇ ਜੱਦੀ ਸ਼ਹਿਰ ਵਿਚਲੇ ਉਤਰੀ ਭਾਰਤ ਪੱਧਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਮੋਬਾਈਲ ਫੋਨਾਂ ਦੀਆਂ ਬੈਟਰੀਆਂ ਨਾਲ ਸਾਰਨਾ ਪੈਂਦਾ ਹੋਵੇ, ਉਸ ਦੀ ਕਾਰਗੁਜ਼ਾਰੀ ਦਾ ਅੰਦਾਜਾ ਖੁਦ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਨੂੰ ਪਹਿਲਾਂ ਆਪਣੀ ਸਰਕਾਰ ਦੀ ਨਾ ਪੱਖੀ ਕਾਰਗੁਜ਼ਾਰੀ ਲਈ ਜਵਾਬਦੇਹ ਹੋਣਾ ਚਾਹੀਦਾ ਹੈ, ਨਾ ਕਿ ਦੂਜਿਆਂ ’ਤੇ ਸਵਾਲ ਉਠਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 2023 ਦੇ ‘ਆਪ’ ਸਰਕਾਰ ਦੇ ਕਾਰਜਕਾਲ ’ਚ ਬਰਸਾਤੀ ਮੌਸਮ ਸਮੇਂ, ਜਦੋਂ ਪਟਿਆਲਾ ਦੇ ਕਈ ਵੱਡੇ ਹਿੱਸੇ ਡੁੱਬ ਗਏ ਸਨ, ਤਾਂ ਸਰਕਾਰ ਅਜਿਹੀਆਂ ਆਫਤਾਂ ਨੂੰ ਰੋਕਣ ’ਚ ਅਸਫਲ ਰਹੀ ਸੀ।
ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਅਤੇ ਸ਼ਹਿਰ ਦੇ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਲਈ 208.33 ਕਰੋੜ ਦੀ ਲਾਗਤ ਦਾ ਪ੍ਰਾਜੈਕਟ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕੀਤਾ ਸੀ ਜਿਸ ਦਾ ਲਾਭ ‘ਆਪ’ ਸਰਕਾਰ ਲੈਣ ਲਈ ਤਰਲੋ ਮੱਛੀ ਹੋਈ ਫਿਰਦੀ ਹੈ।