ਸਿਹਤ ਮੰਤਰੀ ਵੱਲੋਂ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਮਈ
ਟੀਬੀ ਦੇ ਖ਼ਾਤਮੇ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਟੀਬੀ ਹਸਪਤਾਲ ਵਿੱਚ ਕੌਮੀ ਟੀਬੀ ਏਲੀਮਿਨੇਸ਼ਨ ਪ੍ਰੋਗਰਾਮ ਤਹਿਤ ਬੀ-ਪਾਲ ਰੈਜੀਮੈਨ ਸਿਖਲਾਈ ਸੈਸ਼ਨ ਦਾ ਉਦਘਾਟਨ ਕੀਤਾ। ਸਿਖਲਾਈ ਪ੍ਰੋਗਰਾਮ ’ਚ ਸੂਬੇ ਭਰ ਦੇ ਟੀ.ਬੀ ਨੋਡਲ ਅਫ਼ਸਰਾਂ ਨੇ ਸ਼ਮੂਲੀਅਤ ਕਰਕੇ ਬੀ-ਪਾਲ ਰੈਜੀਮੈਨ ਨਾਲ ਟੀ.ਬੀ. ਦੀ ਬਿਮਾਰੀ ਵਿੱਚ ਹੋਣ ਵਾਲੇ ਸੁਧਾਰਾਂ ’ਤੇ ਚਰਚਾ ਕੀਤੀ।
ਉਨ੍ਹਾ ਕਿਹਾ ਕਿ ਸਿਹਤ ਵਿਭਾਗ ਦਾ ਟੀਚਾ ਸੂਬੇ ਨੂੰ ਟੀ.ਬੀ. ਮੁਕਤ ਕਰਨ ਦਾ ਹੈ ਅਤੇ ਬੀ-ਪਾਲ ਰੈਜੀਮੈਨ ਇਸ ਟੀਚੇ ਦੀ ਪ੍ਰਾਪਤ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸਿਖਲਾਈ ਨੂੰ ਦੁਵੱਲੀ ਵਾਰਤਾ ਅਤੇ ਹੱਲ-ਮੁਖੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ, ਮਲਟੀ ਡਰੱਗ-ਰੋਧਕ ਟੀਬੀ, ਜਿਸ ਨੂੰ ਆਮ ਤੌਰ ’ਤੇ ‘ਬੜੀ ਟੀ.ਬੀ’ ਕਿਹਾ ਜਾਂਦਾ ਹੈ, ਤੋਂ ਮਰੀਜ਼ਾਂ ਨੂੰ 18 ਤੋਂ 20 ਮਹੀਨਿਆਂ ਤੱਕ ਚੱਲਣ ਵਾਲਾ ਇੱਕ ਲੰਮਾ ਅਤੇ ਮੁਸ਼ਕਲ ਇਲਾਜ ਕੋਰਸ ਕਰਨਾ ਪੈਂਦਾ ਸੀ। ਨਵੀਂ ਬੀ-ਪਾਲ ਵਿਧੀ, ਜਿਸ ਵਿੱਚ ਬੇਡਾਕੁਲੀਨ, ਪ੍ਰੀਟੋਮੈਨਿਡ, ਲਾਈਨਜ਼ੋਲਿਡ, ਅਤੇ ਮੋਕਸੀਫਲੋਕਸਸੀਨ ਸ਼ਾਮਲ ਹਨ, ਇਹ ਇਲਾਜ ਦੀ ਮਿਆਦ ਸਿਰਫ ਛੇ ਮਹੀਨਿਆਂ ਤੱਕ ਕਰ ਦਿੰਦੀ ਹੈ, ਜਿਸ ਦੇ ਬਿਹਤਰ ਨਤੀਜੇ ਅਤੇ ਘੱਟ ਪੇਚੀਦਗੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਬੀ-ਪਾਲ ਤਕਨੀਕ ਦਾ ਲਾਭ ਸੂਬੇ ਦੇ ਐਮ.ਡੀ.ਆਰ. ਟੀ.ਬੀ. ਮਰੀਜ਼ਾਂ ਨੂੰ ਸਿੱਧਾ ਅਤੇ ਤੁਰੰਤ ਮਿਲੇਗਾ।