ਸਿਹਤ ਮੰਤਰੀ ਵੱਲੋਂ ਲਿੰਗ ਅਨੁਪਾਤ ’ਚ ਹੋਰ ਸੁਧਾਰ ਦਾ ਹੋਕਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ
ਪੰਜਾਬ ’ਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਘਟ ਰਹੀ ਗਿਣਤੀ ’ਤੇ ਵੀ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਲਿੰਗ ਅਨੁਪਾਤ ’ਚ ਹੋਰ ਸੁਧਾਰ ਲਿਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣਾ ਪਵੇਗਾ।
ਉਹ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਕਰਵਾਏ ਗਈ ਸੂਬਾਈ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮੁੰਡਿਆਂ ਤੇ ਲੜਕੀਆਂ ਦੀ ਬਰਾਬਰੀ ਦਾ ਸੁਨੇਹਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਧੀਆਂ ਦੀ ਲੋਹੜੀ ਮਨਾਉਣ ਦਾ ਇਹ ਪ੍ਰੋਗਰਾਮ ਵੀ ਉਲੀਕਿਆ ਹੈ, ਤਾਂ ਕਿ ਲੋਕ, ਮੁੰਡੇ ਕੁੜੀ ਦਰਮਿਆਨ ਫਰਕ ਤੇ ਵਿਤਕਰਾ ਨਾ ਕਰਨ ਅਤੇ ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ। ਇਸ ਮੌਕੇ ਮੰਤਰੀ ਨੇ ਕਈ ਮਾਵਾਂ ਤੇ ਧੀਆਂ ਦਾ ਪੰਜਾਬ ਸਰਕਾਰ ਦੀ ਤਰਫੋਂ ਸਨਮਾਨ ਵੀ ਕੀਤਾ। ਉਨ੍ਹਾਂ ਆਪਣੀ ਆਪਣੀ ਡਿਊਟੀ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਆਸ਼ਾ ਵਰਕਰਾਂ ਵੀ ਸਨਮਾਨੀਆਂ।
ਇਸ ਮੌਕੇ ਵਿਸ਼ੇਸ਼ ਸਕੱਤਰ-ਕਮ-ਐੱਮਡੀ ਐੱਨਐਚਐੱਮ ਘਣਸ਼ਿਆਮ ਥੋਰੀ, ਡਾਇਰੈਕਟਰ ਡਾ. ਬਲਵਿੰਦਰ ਸਿੰਘ, ਉਨ੍ਹਾਂ ਦੇ ਵਿਭਾਗ ਦੇ ਡਾਇਰੈਕਟਰ ਡਾ. ਜਸਮਿੰਦਰ ਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਹਰਪ੍ਰੀਤ ਕੌਰ ਸਮੇਤ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ ਆਦਿ ਵੀ ਮੌਜੂਦ ਸਨ। ਮੰਤਰੀ ਨੇ ਕਿਹਾ ਕਿ ਵਿਤਕਰੇਬਾਜ਼ੇ ਦੇ ਦੌਰ ਵਿੱਚ ਵੀ ਧੀਆਂ ਨੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰ ਕੇ ਖੁਦ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੁਧਾਰਾਂ ਲਈ ਜਿਥੇ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਗਈ ਹੈ, ਉਥੇ ਹੀ ਆਸ਼ਾ ਵਰਕਰਾਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਤਹਿਤ ਜਿਹੜੀਆਂ ਆਸ਼ਾ ਵਰਕਰਾਂ ਅੱਗੇ ਪੜਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਪੜਾਈ ਦੇ ਹਿਸਾਬ ਨਾਲ ਤਰੱਕੀ ਦਿੱਤੀ ਜਾਵੇਗੀ। ਜਿਹੜੀਆਂ ਆਸ਼ਾ ਵਰਕਰਾਂ ਆਪਣੇ ਅਧੀਨ ਪੈਂਦੇ ਖੇਤਰਾਂ ਨੂੰ ਡੇਂਗੂ ਮੁਕਤ ਕਰਨ ਸਮੇਤ ਬੀ.ਪੀ., ਸ਼ੂਗਰ ਦੇ ਮਰੀਜ਼ਾਂ ਦੀ ਪਛਾਣ ਕਰਕੇ ਇਲਾਜ ਲਈ ਲੈਕੇ ਆਉਣਗੀਆਂ, ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਆਸ਼ਾ ਵਰਕਾਰਾਂ ਨੂੰ ਕੋਟੀਆ ਦੇ ਕੇ ਸਨਮਾਨਤ ਕੀਤਾ ਗਿਆ।