ਸਿਹਤ ਮੰਤਰੀ ਵੱਲੋਂ ਚਲੈਲਾ ਦੇ ਆਮ ਆਦਮੀ ਕਲੀਨਿਕ ਦਾ ਨਿਰੀਖਣ
ਖੇਤਰੀ ਪ੍ਰਤੀਨਿਧ
ਪਟਿਆਲਾ, 23 ਮਈ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਚਲੈਲਾ ਦੇ ਆਮ ਆਦਮੀ ਕਲੀਨਿਕ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨਿਰੀਖਣ ਦਾ ਉਦੇਸ਼ ਇੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਦਾ ਮੁਲਾਂਕਣ ਕਰਨਾ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਨੇੜਲੇ ਵਸਨੀਕਾਂ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਆਪਣੇ ਦੌਰੇ ਦੌਰਾਨ, ਸਿਹਤ ਮੰਤਰੀ ਨੇ ਕਲੀਨਿਕ ਵਿੱਚ ਦਵਾਈਆਂ ਦੀ ਉਪਲਬਧਤਾ ਅਤੇ ਟੈਸਟਿੰਗ ਸਹੂਲਤਾਂ ਦੀ ਗੁਣਵੱਤਾ ਤੋਂ ਸੰਤੁਸ਼ਟੀ ਦਾ ਪਤਾ ਲਗਾਉਣ ਲਈ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਮਰੀਜ਼ਾਂ ਨੇ ਕਲੀਨਿਕ ਦੇ ਸਟਾਫ਼ ਦੇ ਯਤਨਾਂ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਦੀ ਸ਼ਲਾਘਾ ਕਰਦੇ ਹੋਏ, ਪ੍ਰਦਾਨ ਕੀਤੀਆਂ ਸੇਵਾਵਾਂ ਤੋਂ ਆਪਣੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਸਿਹਤ ਮੰਤਰੀ ਨੇ ਕਲੀਨਿਕ ’ਚ ਤਾਇਨਾਤ ਡਾਕਟਰ ਤੇ ਹੋਰ ਸਟਾਫ਼ ਨੂੰ ਪਿੰਡ ਚਲੈਲਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਜਾਂਚ ਜਿਸ ਵਿੱਚ ਕੱਦ, ਵਜ਼ਨ, ਐਚ.ਬੀ., ਅੱਖਾਂ ਦੀ ਰੋਸ਼ਨ ਆਦਿ ਦੇ ਟੈਸਟ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ 20 ਤੋਂ 25 ਬੱਚਿਆਂ ਦੀ ਸਿਹਤ ਜਾਂਚ ਕਰਕੇ ਇਸ ਦਾ ਰਿਕਾਰਡ ਬਣਾਇਆ ਜਾਵੇ ਤੇ ਜਾਂਚ ਮੁਕੰਮਲ ਹੋਣ ਉਪਰੰਤ ਪੇਪਰ ਪਬਲਿਸ਼ ਕੀਤਾ ਜਾਵੇ। ਮੰਤਰੀ ਨੇ ਕਲੀਨਿਕ ਵਿੱਚ ਤੇ ਇਸਦੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਦਾ ਜਾਇਜ਼ਾ ਵੀ ਲਿਆ ਅਤੇ ਕਲੀਨਿਕ ਨਾਲ ਖਾਲੀ ਪਈ ਥਾਂ ਨੂੰ ਪਾਰਕ ਦੇ ਤੌਰ ’ਤੇ ਵਿਕਸਤ ਕਰਨ ਦੀ ਹਦਾਇਤ ਕੀਤੀ।