ਸਿਹਤ ਮੰਤਰੀ ਵੱਲੋਂ ਖੰਨਾ ਸਿਵਲ ਹਸਪਤਾਲ ਦਾ ਦੌਰਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 20 ਮਈ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਖੰਨਾ ਦਾ ਦੌਰਾ ਕਰਕੇ ਡਾਕਟਰਾਂ ਨਾਲ ਮੀਟਿੰਗ ਕਰਦਿਆਂ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਦੀ ਸਮੀਖਿਆ ਕੀਤੀ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਡਾ. ਸਿੰਘ ਨੇ ਇੱਕ ਰਾਜਨੀਤਿਕ ਨੇਤਾ ਦੁਆਰਾ ਲਗਾਏ ਗਏ ਮਰੀਜ਼ਾਂ ਦੀ ਅਣਗਹਿਲੀ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ’ਤੇ ਖਾਰਜ ਕਰਦਿਆਂ ਉਨ੍ਹਾਂ ਨੂੰ ਬੇਬੁਨਿਆਦ ਦੱਸਿਆ ਅਤੇ ਮੀਡੀਆ ਦੇ ਇੱਕ ਹਿੱਸੇ ਦੁਆਰਾ ਗੈਰ-ਜ਼ਿੰਮੇਵਾਰਾਨਾ ਰਿਪੋਰਟਿੰਗ ਦੀ ਆਲੋਚਨਾ ਕੀਤੀ। ਉਨ੍ਹਾਂ ਨੇਤਾ ’ਤੇ ਗ਼ਲਤ ਸਿਆਸਤ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਤੱਥ ਨੂੰ ਹਜ਼ਮ ਨਹੀਂ ਕਰ ਸਕਦੇ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰ ਰਹੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਦੋਸ਼ ਇੱਕ ਮਰੀਜ਼ ਨਾਲ ਸਬੰਧਤ ਇੱਕ ਮਾਮਲੇ ਤੋਂ ਹਨ ਜੋ ਇੱਕ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਆਇਆ ਸੀ। ਮਰੀਜ਼ ਨੂੰ ਤੁਰੰਤ ਸਥਿਰ ਕੀਤਾ ਗਿਆ, ਮੁਫ਼ਤ ਥ੍ਰੋਮਬੋਲਾਈਟਿਕ ਇਲਾਜ ਪ੍ਰਾਪਤ ਹੋਇਆ ਅਤੇ ਉੱਨਤ ਦੇਖਭਾਲ ਲਈ ਇੱਕ ਉੱਚ ਡਾਕਟਰੀ ਸਹੂਲਤ ਵਿੱਚ ਰੈਫਰ ਕੀਤਾ ਗਿਆ। ਮਰੀਜ਼, ਜਿਸਦਾ ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਇਤਿਹਾਸ ਹੈ ਅਤੇ ਨਿਯਮਤ ਦਵਾਈ ਦੀ ਪਾਲਣਾ ਨਾ ਕਰਨ ਲਈ ਜਾਣਿਆ ਜਾਂਦਾ ਹੈ, ਨੂੰ ਬਾਅਦ ਵਿੱਚ ਪੇਸਮੇਕਰ ਦਿੱਤਾ ਗਿਆ ਅਤੇ ਸੈਕਟਰ 32, ਚੰਡੀਗੜ੍ਹ ਵਿਖੇ ਇਲਾਜ ਜਾਰੀ ਰੱਖਿਆ ਗਿਆ। ਸਿਹਤ ਮੰਤਰੀ ਨੇ ਕਿਹਾ ਕਿ 17 ਮਈ ਨੂੰ, ਉਹੀ ਮਰੀਜ਼ ਖੰਨਾ ਸਿਵਲ ਹਸਪਤਾਲ ਵਿੱਚ ਲਗਪਗ 11 ਵਜੇ ਗੰਭੀਰ ਹਾਲਤ ਵਿੱਚ ਪਹੁੰਚਿਆ। ਡਿਊਟੀ ’ਤੇ ਮੌਜੂਦ ਆਰਥੋਪੀਡਿਕ ਮਾਹਰ ਨੇ ਤੁਰੰਤ ਮੈਡੀਕਲ ਮਾਹਰ ਨਾਲ ਸਲਾਹ ਕੀਤੀ, ਮਰੀਜ਼ ਨੂੰ ਸਥਿਰ ਕਰਨ ਲਈ ਐਮਰਜੈਂਸੀ ਦੇਖਭਾਲ ਕੀਤੀ ਤੇ ਮਰੀਜ਼ ਦੇ ਪਹਿਲਾਂ ਦੇ ਇਲਾਜ ਨੂੰ ਜਾਰੀ ਰੱਖਦੇ ਹੋਏ ਐਂਬੂਲੈਂਸ ਰਾਹੀਂ ਤੀਜੇ ਦਰਜੇ ਦੇ ਦੇਖਭਾਲ ਹਸਪਤਾਲ ਵਿੱਚ ਟ੍ਰਾਂਸਫਰ ਦਾ ਪ੍ਰਬੰਧ ਕੀਤਾ। ਸਿਹਤ ਮੰਤਰੀ ਨੇ ਹਸਪਤਾਲ ਦੇ ਸਟਾਫ਼ ਦੀ ਤੇਜ਼ ਅਤੇ ਢੁਕਵੀਂ ਪ੍ਰਤੀਕਿਰਿਆ ਲਈ ਪ੍ਰਸ਼ੰਸਾ ਕਰਦਿਆਂ ਦਾਅਵਾ ਕੀਤਾ ਕਿ ਮਰੀਜ਼ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਦੇਖਭਾਲ ਮਿਲੀ।