ਸਿਹਤ ਮੰਤਰੀ ਨੇ 46 ਅਤਿ-ਆਧੁਨਿਕ ਐਂਬੂਲੈਂਸਾਂ ਨੂੰ ਦਿੱਤੀ ਹਰੀ ਝੰਡੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੂਨ
ਪੰਜਾਬ ਸਰਕਾਰ ਨੇ ਸੂਬੇ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਜ 46 ਨਵੀਂਆਂ ਐਂਬੂਲੈਂਸਾਂ ਖਰੀਦੀਆਂ ਹਨ। ਇਨ੍ਹਾਂ ਐਂਬੂਲੈਂਸਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਰੀਬਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਵੀਆਂ ਐਂਬੂਲੈਂਸਾਂ ਨਾਲ ਸੂਬੇ ਵਿੱਚ ਐਮਰਜੈਂਸੀ ਐਂਬੂਲੈਂਸ ਫਲੀਟ ਦੀ ਗਿਣਤੀ 371 ਹੋ ਗਈ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਵੀਂਆਂ ਐਂਬੂਲੈਂਸਾਂ ਅਤਿ-ਆਧੁਨਿਕ ਡਾਕਟਰੀ ਉਪਕਰਣਾਂ ਨਾਲ ਲੈਸ ਹਨ। ਸਿਹਤ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਨਵੀਆਂ ਐਂਬੂਲੈਂਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਅੱਜ ਰਵਾਨਾ ਕੀਤੀਆਂ 46 ਨਵੀਂਆਂ ਐਂਬੂਲੈਂਸਾਂ ਵਿੱਚੋਂ ਪਟਿਆਲਾ ਨੂੰ 11 ਐਂਬੂਲੈਂਸਾਂ ਦਿੱਤੀਆਂ ਗਈਆਂ ਹਨ। ਇਸ ਵਿੱਚੋਂ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਸ਼ਾਮਲ ਹਨ ਹੈ, ਜੋ 7 ਮਈ ਨੂੰ ਸਮਾਣਾ ’ਚ ਵਾਪਰੇ ਸੜਕ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਹਨ।