ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਮਾਡਲ: ਰੱਬ ਆਸਰੇ ਚੱਲ ਰਿਹੈ ਰਾਮਗੜ੍ਹ ਦਾ ਸਿਹਤ ਕੇਂਦਰ

05:27 AM Dec 24, 2024 IST

ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 23 ਦਸੰਬਰ
ਸਿਹਤ ਸਹੂਲਤਾਂ ਵਿਚ ਕ੍ਰਾਂਤੀਕਾਰੀ ਤਬਦੀਲੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਦੇ ਰਾਜ ਵਿੱਚ ਕਈ ਸਿਹਤ ਡਿਸਪੈਂਸਰੀਆਂ ਦਾ ਕੰਮ ਗੁਰੂ ਘਰਾਂ ਦੀਆਂ ਇਮਾਰਤਾਂ ਵਿੱਚ ਚੱਲ ਰਿਹਾ ਹੈ। ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਰਾਮਗੜ੍ਹ ਵਿੱਚ ਸਿਹਤ ਕਰਮਚਾਰੀ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਬੈਠ ਕੇ ਲੋਕਾਂ ਦੇ ਚੈਕਅੱਪ ਕਰਕੇ ਦਵਾਈ ਦੇ ਰਹੇ ਹਨ। ਆਰਜ਼ੀ ਪ੍ਰਬੰਧਾਂ ਤਹਿਤ ਚੱਲ ਰਹੇ ਇਸ ਸਿਹਤ ਕੇਂਦਰ ਨੂੰ ਪੱਕੀ ਇਮਾਰਤ ਮਿਲਣਾ ਜਲਦੀ ਦਿਖਾਈ ਨਹੀਂ ਦੇ ਰਿਹਾ। ਦੋ ਸਾਲਾਂ ਤੋਂ ਨਿਰਮਾਣ ਅਧੀਨ ਸਿਹਤ ਕੇਂਦਰ ਦੀ ਇਮਾਰਤ ਵਿਚ ਵਿਚਾਲੇ ਲਟਕ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਦੇ ਸਬ-ਸੈਂਟਰ ਨੂੰ ਕਰੀਬ ਤਿੰਨ ਵਰ੍ਹੇ ਪਹਿਲਾਂ ਅੱਪਗ੍ਰੇਡ ਕਰਕੇ ਐਚ.ਡਬਲਯੂ.ਸੀ (ਹੈਲਥ ਐਂਡ ਵੈਲਨੈੱਸ ਸੈਂਟਰ) ਬਣਾ ਦਿੱਤਾ ਗਿਆ ਸੀ ਪ੍ਰੰਤੂ ਕੇਂਦਰ ਦੀ ਇਮਾਰਤ ਖਸਤਾਹਾਲ ਸੀ। ਤਤਕਾਲੀ ਪੰਚਾਇਤ ਦੇ ਉੱਦਮ ਸਦਕਾ ਪਿੰਡ ਵਿੱਚ ਸਿਹਤ ਕੇਂਦਰ ਲਈ ਨਵੀਂ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਹੋਇਆ, ਜੋ ਸਿਰੇ ਨਹੀਂ ਚੜ੍ਹ ਸਕਿਆ ਅਤੇ ਇਸ ਦਾ ਕੰਮ ਪਿਛਲੇ ਦੋ ਵਰ੍ਹਿਆਂ ਤੋਂ ਬੰਦ ਹੈ। ਇਸ ਇਮਾਰਤ ਵਿੱਚ ਫ਼ਰਸ਼, ਦਰਵਾਜ਼ੇ,­ ਬਾਊਂਡਰੀ,­ ਸੈਨੀਟੇਸ਼ਨ ਅਤੇ ਬਿਜਲੀ ਆਦਿ ਦੇ ਕੰਮ ਅਧੂਰੇ ਪਏ ਹਨ।
ਇਸ ਕੇਂਦਰ ਲਈ ਇੱਕ ਸੀਐਚਓ, ਦੋ ਏਐਨਐਮ ਅਤੇ ਇੱਕ ਸਿਹਤ ਵਰਕਰ (ਪੁਰਸ਼) ਦੀ ਅਸਾਮੀ ਮਨਜ਼ੂਰ ਹੈ ਜਦਕਿ ਆਸ਼ਾ ਵਰਕਰਾਂ ਵੀ ਨਾਲ ਕੰਮ ਕਰਦੀਆਂ ਹਨ। ਇਮਾਰਤ ਨਾ ਹੋਣ ਕਾਰਨ ਸਿਹਤ ਕਰਮਚਾਰੀ ਗੁਰੂ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠ ਕੇ ਆਪਣਾ ਕੰਮ ਚਲਾ ਰਹੇ ਹਨ। ਇੱਕ ਕਮਰੇ ਵਿੱਚ ਹੀ ਰਿਕਾਰਡ ਦੀਆਂ ਅਲਮਾਰੀਆਂ ਅਤੇ ਉਹਨਾਂ ਉਪਰ ਹੀ ਦਵਾਈਆਂ ਤੇ ਰਸੋਈ ਦੇ ਭਾਂਡੇ ਵਗੈਰਾ ਰੱਖੇ ਹਨ। ਇਸ ਤੋਂ ਇਲਾਵਾ ਬੱਚਿਆਂ, ਗਰਭਵਤੀ ਔਰਤਾਂ ਅਤੇ ਆਮ ਲੋਕਾਂ ਦੇ ਚੈੱਕਅੱਪ ਇਸੇ ਕਮਰੇ ਵਿੱਚ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

Advertisement

ਇਸ ਸਬੰਧੀ ਸੀਐਮਓ ਬਲਦੇਵ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਸਿਹਤ ਕੇਂਦਰ ਦੀ ਇਮਾਰਤ ਦੇ ਰੁਕੇ ਕੰਮ ਸਬੰਧੀ ਭਲਕੇ ਰਿਪੋਰਟ ਲੈਣਗੇ ਅਤੇ ਇਸ ਸਿਹਤ ਕੇਂਦਰ ਦਾ ਮੌਕਾ ਵੀ ਦੇਖ ਕੇ ਆਉਣਗੇ। ਏਐਨਐਮ ਜਸਵੀਰ ਕੌਰ ਨੇ ਕਿਹਾ ਕਿ ਕਈ ਦਫ਼ਾ ਉਹ ਸਿਹਤ ਵਿਭਾਗ ਨੂੰ ਇਮਾਰਤ ਮੁਕੰਮਲ ਕਰਨ ਲਈ ਕਹਿ ਚੁੱਕੇ ਹਨ। ਇਸ ਜਗ੍ਹਾ ਵਿਚ ਕੰਮ ਕਰਨ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ ਨੇ ਮੰਗ ਕੀਤੀ ਕਿ ਸਿਹਤ ਕੇਂਦਰ ਦੀ ਇਮਾਰਤ ਦੇ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ। ਇਮਾਰਤ ਦਾ ਕੰਮ ਕਰਨ ਵਾਲੇ ਠੇਕੇਦਾਰ ਵੀਰਪਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਹੋਏ ਕੰਮ ਦੀ ਅਜੇ ਤੱਕ ਸਰਕਾਰ ਨੇ ਅਦਾਇਗੀ ਨਹੀਂ ਕੀਤੀ, ਜਿਸ ਕਰਕੇ ਕੰਮ ਵਿੱਚ ਦੇਰੀ ਹੋ ਰਹੀ ਹੈ। ਜਿਵੇਂ ਹੀ ਅਦਾਇਗੀ ਹੋ ਜਾਵੇਗੀ, ਉਹ ਕੰਮ ਸ਼ੁਰੂ ਕਰ ਦੇਣਗੇ।

Advertisement
Advertisement