ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸੰਵਾਦ ਰਚਾਇਆ
ਪਟਿਆਲਾ, 8 ਮਈ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਮਨੋਵਿਗਿਆਨ ਦੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ ਗਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਓਐੱਸਡੀ ਸ਼ਾਲੀਨ ਮਿੱਤਰਾ ਅਤੇ ਹੋਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਵਿਭਾਗ ਦੇ ਪ੍ਰੋਫੈਸਰ ਡਾ. ਮਮਤਾ ਸ਼ਰਮਾ, ਡਾ. ਮਨਦੀਪ ਕੌਰ ਅਤੇ ਯੂਨੀਵਰਸਿਟੀ ਦੇ ਕੌਂਸਲਰ ਡਾ. ਰੂਬੀ ਗੁਪਤਾ ਨੇ ਇਸ ਸੈਸ਼ਨ ਦੇ ਆਯੋਜਨ ਅਤੇ ਸੰਵਾਦ ਰਚਾਉਣ ਵਿੱਚ ਭੂਮਿਕਾ ਨਿਭਾਈ।ਇਸ ਮੌਕੇ ਜ਼ਿਲ੍ਹਾ ਪੱਧਰੀ ਪਹਿਲਕਦਮੀਆਂ ਲਈ ਚੁਣੇ ਗਏ ਮਨੋਵਿਗਿਆਨ ਵਿਭਾਗ ਦੇ ਪੀ-ਐੱਚ. ਡੀ. ਖੋਜਾਰਥੀ, ਪੀ.ਜੀ.ਡੀ.ਸੀ.ਪੀ. ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਹਾਜ਼ਰ ਰਹੇ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਭਵਿੱਖ ਵਿੱਚ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਵਿੱਚ ਸਹਾਇਤਾ ਪ੍ਰਦਾਨ ਕਰਨਗੇ। ਇਹ ਵਿਦਿਆਰਥੀ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੌਂਸਲਿੰਗ ਸੇਵਾਵਾਂ ਅਤੇ ਪੁਨਰਵਾਸ ਦੇ ਯਤਨ ਵਿੱਚ ਵੱਖ-ਵੱਖ ਮਾਹਿਰਾਂ ਦੀ ਨਿਗਰਾਨੀ ਹੇਠ ਸੇਵਾਵਾਂ ਦੇਣਗੇ। ਇਹ ਵਿਦਿਆਰਥੀ ਆਪਣੇ ਜ਼ਿਲ੍ਹਿਆਂ ਵਿੱਚ ਵਿਚਰਦਿਆਂ ਜਾਗਰੂਕਤਾ ਫੈਲਾਉਣ ਦਾ ਕਾਰਜ ਕਰਨਗੇ। ਇਸ ਮੌਕੇ ਪ੍ਰੋ. ਮਮਤਾ ਸ਼ਰਮਾ ਅਤੇ ਪ੍ਰੋ. ਮਨਦੀਪ ਕੌਰ ਵੱਲੋਂ ਇਸ ਮੁਹਿੰਮ ਵਿੱਚ ਪਾਏ ਯੋਗਦਾਨ ਅਤੇ ਸਮਾਜਿਕ ਪਹਿਲਕਦਮੀਆਂ ਵਿੱਚ ਨਿਰੰਤਰ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ।