ਸਿਵਲ ਹਸਪਤਾਲ ਖਰੜ ਵਿੱਚ ਖੂਨਦਾਨ ਕੈਂਪ

ਖਰੜ: ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿੱਚ ਜ਼ਿਲ੍ਹਾ ਪ੍ਰਧਾਨ ਮੁਹਾਲੀ ਯੂਥ ਕਾਂਗਰਸ ਸਰਵੋਤਮ ਰਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਖਰੜ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਸੂਬੇ ਦੇ ਉਪ ਪ੍ਰਧਾਨ ਉਦਯਵੀਰ ਢਿੱਲੋਂ, ਰਾਜ ਦੇ ਮਹਾਨ ਸਚਿਵ ਦੀਪਕ ਵਰਮਾ ਅਤੇ ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਡਾ. ਰਘਬੀਰ ਸਿੰਘ ਬੰਗੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। -ਪੱਤਰ ਪ੍ਰੇਰਕ
ਗੋਬਿੰਦਗੜ੍ਹ ਪੁਲੀਸ ਨੂੰ ਅਣਪਛਾਤੀ ਲਾਸ਼ ਮਿਲੀ
ਮੰਡੀ ਗੋਬਿੰਦਗੜ੍ਹ: ਮੰਡੀ ਗੋਬਿੰਦਗੜ੍ਹ ਪੁਲੀਸ ਨੂੰ ਅਣਪਛਾਤੇ ਲਾਸ਼ ਮਿਲੀ ਹੈ। ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਰਹਿੰਦ ਸਾਈਡ ਸ਼ਨੀ ਮੰਦਰ ਨਜ਼ਦੀਕ ਅਣਪਛਾਤੇ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50-55 ਸਾਲ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਰੱਖ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਈ ਥਾਣਾ ਗੋਬਿੰਦਗੜ੍ਹ ’ਚ ਸੰਪਰਕ ਕੀਤਾ ਜਾ ਸਕਦਾ ਹੈ। -ਨਿੱਜੀ ਪੱਤਰ ਪ੍ਰੇਰਕ
ਦੇਸ਼ ਭਗਤ ਯੂਨੀਵਰਸਿਟੀ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕੈਂਪਸ ਵਿੱਚ ਕਰਵਾਏ ਸਮਾਗਮ ਵਿੱਚ ਡਾ. ਦਲਵਿੰਦਰ ਸਿੰਘ ਵੱਲੋਂ ਲਿਖੀਆਂ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ। ਇਨ੍ਹਾਂ ਵਿੱਚ ‘ਭਵਿੱਖ ਵਿਗਿਆਨਕ ਵਾਤਾਵਰਨ’, ‘ਜਪਜੀ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ’ਤੇ ਵਿਆਖਿਆ’ ਅਤੇ ‘ਮੁਕਤਸਰ ਜ਼ਿਲ੍ਹੇ ਦੇ ਗੁਰਦੁਆਰੇ’ ਸ਼ਾਮਲ ਹਨ। ਸਮਾਗਮ ਵਿੱਚ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਵਿਸ਼ੇਸ਼ ਮਹਿਮਾਨ ਡਾ. ਵਰਿੰਦਰ ਸਿੰਘ ਸ਼ਾਮਲ ਹੋਏ। ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਇਹ ਕਿਤਾਬਾਂ ਕੀਮਤੀ ਦ੍ਰਿਸ਼ਟੀਕੋਣ ਪੇਸ਼ ਕਰਦੀਆਂ ਹਨ ਅਤੇ ਵਿਦਿਆਰਥੀ, ਸਿੱਖਿਅਕਾਂ ਅਤੇ ਭਵਿੱਖ ਦੇ ਨੇਤਾਵਾਂ ਲਈ ਅਰਥਪੂਰਨ ਸਰੋਤ ਵਜੋਂ ਕੰਮ ਕਰਨਗੀਆਂ। -ਨਿੱਜੀ ਪੱਤਰ ਪ੍ਰੇਰਕ
ਲੜਕੀ ਨਾਲ ਬਦਸਲੂਕੀ ਦੇ ਦੋਸ਼ ਹੇਠ ਦੋ ਕਾਬੂ
ਬਸੀ ਪਠਾਣਾਂ: ਇੱਥੇ ਇੱਕ ਲੜਕੀ ਨਾਲ ਬਦਸਲੂਕੀ ਦੇ ਦੋਸ਼ ਹੇਠ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਇਤਰਾਜ਼ਯੋਗ ਸ਼ਬਦ ਵੀ ਬੋਲੇ। ਪੁਲੀਸ ਨੇ ਕੇਸ ਦਰਜ ਕਰ ਕੇ ਅਮਨਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਖੇੜਾ ਪੁਲੀਸ ਚੌਕੀ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ| -ਪੱਤਰ ਪ੍ਰੇਰਕ
ਏਪੀਜੇ ਸਕੂਲ ’ਚ ਮੈਂਗੋ ਡੇਅ ਮਨਾਇਆ
ਖਰੜ: ਏਪੀਜੇ ਪਬਲਿਕ ਸਕੂਲ ਖਰੜ ਦਾ ਕਿੰਡਰਗਾਰਟਨ ਸੈਕਸ਼ਨ ਵਿੱਚ ਛੋਟੇ ਵਿਦਿਆਰਥੀਆਂ ਨੇ ‘ਮੈਂਗੋ ਡੇਅ’ ਮਨਾਇਆ। ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਮੌਸਮੀ ਫਲਾਂ ਬਾਰੇ ਜਾਣੂ ਕਰਵਾਉਣਾ ਸੀ। ਵਿਦਿਆਰਥੀ ਪੀਲੇ ਰੰਗ ਦੇ ਪਹਿਰਾਵੇ ਵਿੱਚ ਸਜੇ ਹੋਏ ਸਨ। ਵਿਦਿਆਰਥੀ ਘਰਾਂ ਤੋਂ ਅੰਬਾਂ ਦੇ ਸ਼ੇਕ, ਆਮ ਪੰਨਾ, ਅੰਬਾਂ ਦਾ ਪੁਡਿੰਗ ਅਤੇ ਕੱਟੇ ਹੋਏ ਅੰਬ ਆਦਿ ਲੈ ਕੇ ਆਏ ਸਨ। ਕਮਰਿਆਂ ਨੂੰ ਵੀ ਅੰਬ-ਥੀਮ ਅਨੁਸਾਰ ਸਜਾਇਆ ਗਿਆ ਸੀ। ਅਧਿਆਪਕਾਂ ਨੇ ਅੰਬਾਂ ਬਾਰੇ ਦਿਲਚਸਪ ਤੱਥ ਸਾਂਝੇ ਕੀਤੇ। ਬੱਚਿਆਂ ਨੇ ਅੰਬਾਂ ਦੇ ਥੀਮ ਦੇ ਆਲੇ-ਦੁਆਲੇ ਕੇਂਦਰਿਤ ਵੱਖ ਵੱਖ ਗਤੀਵਿਧੀਆਂ ’ਚ ਹਿੱਸਾ ਲਿਆ। -ਪੱਤਰ ਪ੍ਰੇਰਕ
ਸੰਧੂਆਂ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨੇ
ਚਮਕੌਰ ਸਾਹਿਬ: ਸਰਕਾਰੀ ਹਾਈ ਸਕੂਲ ਸੰਧੂਆਂ ਵਿੱਚ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਦਾਖ਼ਲ ਹੋਏ ਵਿਦਿਆਰਥੀ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਮੈਂਬਰ ਹਰਮਨਦੀਪ ਸਿੰਘ, ਕੈਪਟਨ ਹਰਪਾਲ ਸਿੰਘ, ਅਜਾਇਬ ਸਿੰਘ ਅਤੇ ਪ੍ਰਿੰਸੀਪਲ ਲਛਮਣ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ। ਸਕੂਲ ਦੀ ਮੁੱਖ ਅਧਿਆਪਕਾ ਮਲਕੀਅਤ ਕੌਰ ਨੇ ਪੰਚਾਇਤ ਅਤੇ ਸੁਸਾਇਟੀ ਦੀ ਟੀਮ ਦਾ ਧੰਨਵਾਦ ਕੀਤਾ। ਸਕੂਲ ਅਧਿਆਪਕਾ ਸ਼ੈਲੀ ਵਰਮਾ ਨੇ ਦੱਸਿਆ ਕਿ ਇਸ ਮੌਕੇ ਸਮ੍ਰਿਤੀ ਸ਼ਰਮਾ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਪਰਮਿੰਦਰ ਸਿੰਘ ਅਤੇ ਲਾਲ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਸਰਕਾਰੀ ਆਈਟੀਆਈ ਨੰਗਲ ’ਚੋਂ ਸਾਮਾਨ ਚੋਰੀ
ਨੰਗਲ: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿੱਚ ਚੋਰੀ ਹੋ ਗਈ ਹੈ। ਚੋਰਾਂ ਨੇ ਵਰਕਸਾਪ ਵਿੱਚੋਂ ਮਸ਼ੀਨਾਂ ਦੇ ਪੁਰਜ਼ੇ, ਕੀਮਤੀ ਲੀਡਾਂ ਅਤੇ ਸਕਰੈਪ ਚੋਰੀ ਕਰ ਲਿਆ। ਚੋਰਾਂ ਨੇ ਡਿਊਟੀ ’ਤੇ ਹਾਜ਼ਰ ਚੌਕੀਦਾਰਾਂ ਨੂੰ ਚੋਰੀ ਦੀ ਭਿਣਕ ਨਹੀਂ ਲੱਗ ਦਿੱਤੀ। ਸੰਸਥਾ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਨੇ ਵੀ ਚੋਰੀ ਦੀ ਪੁਸ਼ਟੀ ਕੀਤੀ ਹੈ। ਐੱਸਐੱਚਓ ਰੋਹਿਤ ਸ਼ਰਮਾ ਨੇ ਦੱਸਿਆਂ ਕਿ ਸੰਸਥਾ ਦੇ ਮੁਖੀ ਵੱਲੋਂ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ
ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ
ਖਰੜ: ਸਨੀ ਇਨਕਲੇਵ ਖਰੜ ਦੀ ਰੈਂਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨ ਨੇ ਦੋਸ਼ ਲਗਾਇਆ ਹੈ ਕਿ ਪੁਰਾਣੀ ਸਨੀ ਇਨਕਲੇਵ ਵਿੱਚ ਪਿਛਲੇ 10 ਦਿਨਾਂ ਤੋਂ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬੱਬੂ ਅਤੇ ਸਕੱਤਰ ਅਸ਼ੋਕ ਕਪੂਰ ਨੇ ਪਾਵਰਕੌਮ ਦੇ ਐਕਸੀਅਨ ਤੇ ਐੱਸਡੀਓ ਨੂੰ ਇਸ ਸਬੰਧੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਪਾਣੀ ਦੀ ਸਪਲਾਈ ਵੀ ਨਹੀਂ ਹੁੰਦੀ। ਉਨ੍ਹਾਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ
ਇਪਟਾ 25 ਨੂੰ ਕਰਵਾਏਗੀ ਸੂਬੇ ਭਰ ’ਚ ਸਮਾਗਮ
ਐੱਸਏਐੱਸ ਨਗਰ(ਮੁਹਾਲੀ): ਇਪਟਾ ਵੱਲੋਂ 25 ਮਈ ਨੂੰ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ 82ਵਾਂ ਸਥਾਪਨਾ ਦਿਵਸ ‘ਜੰਗ ਨਹੀਂ ਅਮਨ’ ਨੂੰ ਸਮਰਪਿਤ ਹੋਵੇਗਾ। ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਸਮਾਗਮ ਹੋਣਗੇ। ਇਸ ਸਬੰਧੀ ਮੀਟਿੰਗ ਵਿਚ ਗੁਰਮੀਤ ਪਾਹੜਾ ਗੁਰਦਾਸਪੁਰ, ਦਲਜੀਤ ਸੋਨਾ, ਸਤਨਾਮ ਮੁੱਦਲ, ਡਾਕਟਰ ਹਰਭਜਨ ਸਿੰਘ, ਸੁਰਿੰਦਰਪਾਲ ਸਿੰਘ, ਡਾ. ਅਮਨ ਭੋਗਲ, ਜਸਪਾਲ ਸਿੰਘ ਨੇ ਸ਼ਮੂਲੀਅਤ ਕੀਤੀ। -ਖੇਤਰੀ ਪ੍ਰਤੀਨਿਧ