ਸਿਟੀ ਬਿਊਟੀਫੁੱਲ ’ਚ ਤਿੰਨ-ਰੋਜ਼ਾ ਗੁਲਦਾਉਦੀ ਸ਼ੋਅ ਸ਼ੁਰੂ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 13 ਦਸੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ 33 ਸਥਿਤ ਟੇਰੇਸਡ ਗਾਰਡਨ ਵਿੱਚ ਗੁਲਦਾਉਦੀ ਸ਼ੋਅ ਸ਼ੁਰੂ ਹੋ ਗਿਆ। ਇਸ ਤਿੰਨ-ਰੋਜ਼ਾ ਗੁਲਦਾਉਦੀ ਸ਼ੋਅ ਦਾ ਉਦਘਾਟਨ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕੀਤਾ। ਚੰਡੀਗੜ੍ਹ ਨਗਰ ਨਿਗਮ ਇਸ ਨੂੰ ਜ਼ੀਰੋ ਵੇਸਟ ਈਵੈਂਟ ਬਣਾਇਆ ਹੈ ਅਤੇ ਸ਼ੋਅ ਦੌਰਾਨ ਨਰ ਨਿਗਮ ਦੇ ਰਜਿਸਟਰਡ ਸੈਲਫ ਹੈਲਪ ਗਰੁੱਪਾਂ ਦੇ ਸਟਾਲ ਵੀ ਲਗਾਏ ਗਏ ਹਨ। ਵਿੱਤੀ ਸੰਕਟ ਦੇ ਦੌਰਾਨ ਤੋਂ ਗੁਜ਼ਰ ਰਹੀ ਨਗਰ ਨਿਗਮ ਨੇ ਇਸ ਸਾਲ ਇਸ ਸ਼ੋਅ ਦੌਰਾਨ ਵੱਡੇ ਪ੍ਰੋਗਰਾਮ ਨਹੀਂ ਕੀਤੇ ਅਤੇ ਇਸ ਸ਼ੋਅ ਲਈ 24 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਨੁੱਕਰੇ ਲਗਾ ਕੇ ਕੇਵਲ ਸਾਢੇ ਤਿੰਨ ਲੱਖ ਰੁਪਏ ਵਿੱਚ ਸ਼ੋਅ ਦਾ ਪ੍ਰਬੰਧ ਕੀਤਾ। ਮੇਅਰ ਕੁਲਦੀਪ ਕੁਮਾਰ ਨੇ ਸ਼ੋਅ ਦੇ ਉਦਘਾਟਨ ਤੋਂ ਬਾਅਦ ਸਵੱਛ ਭਾਰਤ ਮਿਸ਼ਨ ਸਮੇਤ ਇੱਥੇ ਲਗਾਏ ਗਏ ਸੈਲਫ ਹੈਲਪ ਗਰੁਪਾਂ ਦੇ ਸਾਰੇ ਸਟਾਲਾਂ ਦਾ ਦੌਰਾ ਕੀਤਾ। ਸ਼ੋਅ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੁਆਰਾ ਸਹਾਇਤਾ ਪ੍ਰਾਪਤ ਸਵੈ-ਸਹਾਇਤਾ ਸਮੂਹ ਦੁਆਰਾ ਚਲਾਏ ਗਏ ਅਰਪਨ ਦੇ ਬੈਨਰ ਹੇਠ ਫੁੱਲਾਂ ਦੀ ਰਹਿੰਦ ਖੂਹੰਦ ਤੋਂ ਬਣਾਈਆਂ ਜਾਣ ਵਾਲੀਆਂ ਅਗਰਬੱਤੀਆਂ ਅਤੇ ਦੀਵੇ ਬਣਾਉਣ ਦੀ ਆਪਣੀ ਵਿਲੱਖਣ ਪਹਿਲਕਦਮੀ ਦਾ ਪ੍ਰਦਰਸ਼ਨ ਵੀ ਕੀਤਾ।