ਸਿਟਕੋ ਨੇ ਹੋਟਲਾਂ ਦੇ ਕਿਰਾਏ ਅਤੇ ਭੋਜਨ ਦੀਆਂ ਦਰਾਂ 20 ਫ਼ੀਸਦ ਵਧਾਈਆਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਫਰਵਰੀ
ਸਿਟੀ ਬਿਊਟੀਫੁੱਲ ਵਿੱਚ ਸਿਟਕੋ ਵੱਲੋਂ ਚਲਾਏ ਜਾ ਰਹੇ ਹੋਟਲਾਂ ਵਿੱਚ ਵਿਆਹ ਅਤੇ ਪਾਰਟੀਆਂ ਕਰਨਾ ਹੋਰ ਮਹਿੰਗਾ ਹੋ ਰਿਆ ਹੈ। ਸਿਟਕੋ ਨੇ ਆਪਣੇ ਤਿੰਨੋ ਹੋਟਲ ਮਾਊਂਟਵਿਊ, ਸ਼ਿਵਾਲਿਕ ਵਿਊ ਅਤੇ ਪਾਰਕ ਵਿਊ ‘ਚ ਬੈਂਕੁਏਟ ਹਾਲ ਦੇ ਕਿਰਾਏ ‘ਚ 10 ਤੋਂ 20 ਫ਼ੀਸਦ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੋਟਲ ਵਿੱਚ ਪਰੋਸੇ ਜਾਣ ਵਾਲੇ ਭੋਜਨ ਦੀਆਂ ਦਰਾਂ ਵਿੱਚ 10-20 ਪ੍ਰਤੀਸ਼ਤ ਅਤੇ ਰੈਸਟੋਰੇਂਟ ਦੇ ਮਾਮਲੇ ਵਿੱਚ 10-15 ਫ਼ੀਸਦ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿਟਕੋ ਨੇ ਹੋਟਲ ਪਾਰਕਵਿਊ ਦੇ ਕਮਰੇ ਦੇ ਰੇਟ ਵੀ 20 ਫ਼ਸਦ ਵਧੇ ਦਿੱਤੇ ਹਨ। ਸਿਟਕੋ ਦੇ ਅਧਿਕਾਰੀ ਨੇ ਦੱਸਿਆ ਕਿ ਸਿਟਕੋ ਨੇ ਸੁਖਨਾ ਝੀਲ ‘ਤੇ ਆਪਣੇ ਰੈਸਟੋਰੈਂਟ ‘ਸ਼ੈੱਫ ਲੇਕਵਿਊ’ ਨੂੰ ਵੀ ਇਕ ਨਿੱਜੀ ਕੰਪਨੀ ਨੂੰ ਠੇਕੇ ‘ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਟਲ ਮਾਊਟਵਿਉ ਵਿੱਚ ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਵੈਸ਼ਨੂ ਖਾਣਾ 2100 ਰੁਪਏ ਪ੍ਰਤੀ ਪਲੇਟ ਅਤੇ ਮਾਸਾਹਾਰੀ 2450 ਰੁਪਏ ਪ੍ਰਤੀ ਪਲੇਟ ਹੋ ਜਾਵੇਗਾ। ਇਸੇ ਤਰ੍ਹਾਂ ਹੋਟਲ ਸ਼ਿਵਾਲਿਕ ਵਿਊ ਵਿੱਚ ਵੈਸ਼ਨੂੰ ਖਾਣਾ 1560 ਰੁਪਏ ਪ੍ਰਤੀ ਪਲੇਟ ਅਤੇ ਮਾਸਾਂਹਾਰੀ ਖਾਣਾ 1830 ਰੁਪਏ ਪ੍ਰਤੀ ਪਲੇਟ ਹੋ ਜਾਵੇਗਾ। ਹੋਟਲ ਪਾਰਕਵਿਊ ਵਿੱਚ ਵੈਸ਼ਨੂੰ ਖਾਣੇ ਦੇ ਪਲੇਟ 960 ਰੁਪਏ ਅਤੇ ਮਾਸਾਹਾਰੀ ਦੀ ਪਲੇਟ 1020 ਰੁਪਏ ਹੋ ਜਾਵੇਗਾ। ਇਹ ਵੀ ਪਹਿਲਾਂ 800 ਰੁਪਏ ਅਤੇ 850 ਰੁਪਏ ਪ੍ਰਤੀ ਪਲੇਟ ਸੀ।