ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਧਿਰਾਂ ਲਈ ਉਪ ਚੋਣ ਬਣੇਗੀ ਅਗਨੀ ਪ੍ਰੀਖਿਆ

05:41 AM May 26, 2025 IST
featuredImage featuredImage
ਚਰਨਜੀਤ ਭੁੱਲਰਚੰਡੀਗੜ੍ਹ, 25 ਮਈ
Advertisement

ਚੋਣ ਕਮਿਸ਼ਨ ਵੱਲੋਂ ਲੁਧਿਆਣਾ ਪੱਛਮੀ ਦੀ ਉਪ ਚੋਣ 19 ਜੂਨ ਨੂੰ ਕਰਾਏ ਜਾਣ ਦੇ ਐਲਾਨ ਨਾਲ ਹੀ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ। ਸਿਆਸੀ ਧਿਰਾਂ ਲਈ ਇਹ ਉਪ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸਿਆਸੀ ਧਿਰਾਂ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਵੀ ਰਾਹ ਪੱਧਰਾ ਕਰੇਗੀ। ਹਾਕਮ ਧਿਰ ‘ਆਪ’ ਲਈ ਇਹ ਸੀਟ ਵੱਕਾਰੀ ਹੈ ਅਤੇ ਇਸ ਦੇ ਨਤੀਜੇ ਨਾਲ ਪਾਰਟੀ ਦਾ ਭਵਿੱਖ ਤੈਅ ਹੋਵੇਗਾ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕੇ ’ਚ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪ੍ਰਚਾਰਕ ਵਜੋਂ ਹਮਲਾਵਰ ਹਸਤੀ ਹਨ। ਕਾਂਗਰਸੀ ਆਗੂ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਲੁਧਿਆਣਾ ਵਿੱਚ ਡੇਰਾ ਜਮਾ ਕੇ ਬੈਠ ਗਏ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਵੀ ਇਹ ਚੋਣ ਵੱਕਾਰੀ ਹੋਵੇਗੀ। ਹਾਲਾਂਕਿ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਵੀ ਇਸ ਸੀਟ ’ਤੇ ਆਪਣਾ ਰੰਗ ਦਿਖਾ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਸੀਟ ਤੋਂ ਆਪਣੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੂੰ ਜਿੱਤ ਦਿਵਾਉਣ ਲਈ ਪੂਰੀ ਵਾਹ ਲਾਉਣਗੇ। ਭਾਜਪਾ ਨੇ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪ੍ਰੰਤੂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਇਹ ਸੀਟ ਵੱਕਾਰ ਦਾ ਸੁਆਲ ਹੋਵੇਗੀ। ਲੁਧਿਆਣਾ ਪੱਛਮੀ ਨਿਰੋਲ ਹਿੰਦੂ ਸੀਟ ਹੈ। ਵੇਰਵਿਆਂ ਅਨੁਸਾਰ ਲੁਧਿਆਣਾ ਪੱਛਮੀ ਸੀਟ ’ਚ 15.07 ਫ਼ੀਸਦੀ ਦਲਿਤ ਵੋਟਰ ਹਨ ਜਦੋਂ ਕਿ ਦਿਹਾਤੀ ਵੋਟਰ ਸਿਫ਼ਰ ਹਨ। ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਚੋਂ ਸਭ ਤੋਂ ਵੱਧ 45,424 ਵੋਟਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮਿਲੀਆਂ ਸਨ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਅਸੈਂਬਲੀ ਹਲਕੇ ’ਚੋਂ 30,898 ਅਤੇ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ 22,461 ਵੋਟ ਮਿਲੇ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ‘ਆਪ’ ਨੇ 34.47 ਫ਼ੀਸਦੀ ਵੋਟ ਹਾਸਲ ਕੀਤੇ ਸਨ ਜਦੋਂ ਕਿ ਕਾਂਗਰਸ ਨੂੰ 28.06 ਫ਼ੀਸਦੀ ਅਤੇ ਭਾਜਪਾ ਦੇ ਹਿੱਸੇ 23.95 ਫ਼ੀਸਦੀ ਵੋਟ ਆਏ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੀਟ ਤੋਂ 8.59 ਫ਼ੀਸਦੀ ਵੋਟ ਮਿਲੇ ਸਨ।

Advertisement

ਵੋਟਿੰਗ ਫ਼ੀਸਦ ’ਤੇ ਰਹੇਗੀ ਨਜ਼ਰ

ਆਮ ਤੌਰ ’ਤੇ ਲੁਧਿਆਣਾ ਪੱਛਮੀ ’ਚ ਹਮੇਸ਼ਾ 60 ਫ਼ੀਸਦੀ ਤੋਂ ਉਪਰ ਹੀ ਵੋਟਾਂ ਪੈਂਦੀਆਂ ਰਹੀਆਂ ਹਨ। ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਇਸ ਅਸੈਂਬਲੀ ਹਲਕੇ ’ਚ 63.34 ਫ਼ੀਸਦੀ ਵੋਟ ਪਏ ਸਨ ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਸੀਟ ’ਤੇ 63.73 ਫ਼ੀਸਦ ਪੋਲਿੰਗ ਹੋਈ ਸੀ। ਇਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ’ਚ 62.36 ਫ਼ੀਸਦੀ ਮਤਦਾਨ ਹੋਇਆ ਸੀ ਜਦੋਂ ਕਿ ਸਾਲ 2017 ਦੀਆਂ ਅਸੈਂਬਲੀ ਚੋਣਾਂ ਦੌਰਾਨ ਇਸ ਹਲਕੇ ’ਚ 69.37 ਫ਼ੀਸਦੀ ਵੋਟਾਂ ਪਈਆਂ ਸਨ। ਵੋਟਾਂ ਵਾਲੇ ਦਿਨ ਤਾਪਮਾਨ ਸਿਖਰ ’ਤੇ ਹੋਣ ਦੀ ਸੰਭਾਵਨਾ ਹੈ ਅਤੇ ਦੂਸਰਾ ਲੁਧਿਆਣਾ ਪੱਛਮੀ ਨਿਰੋਲ ਸ਼ਹਿਰੀ ਤੇ ਪੌਸ਼ ਖੇਤਰ ਹੈ। ਜੂਨ ’ਚ ਆਮ ਤੌਰ ’ਤੇ ਸਰਦੇ-ਪੁੱਜਦੇ ਲੋਕ ਛੁੱਟੀਆਂ ਮਨਾਉਣ ਚਲੇ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਮਤਦਾਨ ਉੱਚਾ ਰੱਖਣ ਲਈ ਵੀ ਸਿਆਸੀ ਧਿਰਾਂ ਨੂੰ ਵਾਹ ਲਾਉਣੀ ਪਵੇਗੀ।

 

 

Advertisement