ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ
ਧੂਰੀ, 27 ਦਸੰਬਰ
ਬਾਬਾ ਫ਼ਤਹਿ ਸਿੰਘ ਯੂਥ ਕਲੱਬ ਧੂਰੀ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਨਗਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸੰਗਰੂਰ ਰੋਡ, ਲੋਹਾ ਬਾਜ਼ਾਰ, ਮਾਲੇਰਕੋਟਲਾ ਰੋਡ, ਗੁਰਦੁਆਰਾ ਰਾਮਗੜ੍ਹੀਆ ਰੋਡ ਅਤੇ ਬੱਸ ਸਟੈਂਡ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗੁਜਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਜਿੱਥੇ ਰਾਗੀ ਜਥਿਆਂ ਵੱਲੋਂ ਗੁਰੂ ਜਸ ਗਾਇਣ ਕੀਤਾ ਗਿਆ, ਉੱਥੇ ਢਾਡੀ ਜਥਿਆਂ ਵੱਲੋਂ ਗੁਰ ਇਤਿਹਾਸ ਸੁਣਾਇਆ ਗਿਆ।
ਇਸ ਮੌਕੇ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਰਸਤੇ ਵਿੱਚ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਸਿਟੀ ਪੁਲੀਸ ਧੂਰੀ ਦੀ ਪੁਲੀਸ ਟੁਕੜੀ ਵੱਲੋਂ ਐੱਸਐੱਚਓ ਇੰਸਪੈਕਟਰ ਜਸਵੀਰ ਸਿੰਘ ਤੂਰ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਗਈ। ਨਗਰ ਕੀਰਤਨ ਦੌਰਾਨ ਮੁੱਖ ਮੰਤਰੀ ਕੈਂਪਸ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੋੜ ਨੇ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਰਮਨਪ੍ਰੀਤ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ ਅਤੇ ਜਸਵੀਰ ਸਿੰਘ ਜੱਜ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਨਗਰ ਕੀਰਤਨ ’ਚ ਹਾਜ਼ਰੀ ਲਵਾਈ।