ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹਾਕੀ ਟੂਰਨਾਮੈਂਟ
ਰਾਣਾ ਅਕੈਡਮੀ ਹੁਸ਼ਿਆਰਪੁਰ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਥਾਨਕ ਰੇਲਵੇ ਮੰਡੀ ਸਕੂਲ ਵਿੱਚ ਕਰਵਾਏ ਜਾ ਰਹੇ ਆਲ ਇੰਡੀਆ ਹਾਕੀ ਟੂਰਨਾਮੈਂਟ ਦੀ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸ਼ੁਰੂਆਤ ਕਰਵਾਈ। ਸ੍ਰੀ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਹੇਠਲੇ ਪੱਧਰ ਤੱਕ ਖਿਡਾਰੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰ ਰਹੀ ਹੈ ਅਤੇ ਸੂਬੇ ਦੇ ਕਈ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਾਂ ਵਿੱਚ ਭਾਗ ਲੈਂਦਿਆਂ ਨਾਮਣਾ ਖੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਣਾ ਹਾਕੀ ਅਕੈਡਮੀ ਵੱਲੋਂ ਮਹਿਲਾ ਹਾਕੀ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਕਸਦ ਨਾਲ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ ਟੀਮਾਂ ਆਈਆਂ ਹਨ ਜਿਨ੍ਹਾਂ ਵਿੱਚ ਲੜਕਿਆਂ ਦੇ ਅੰਡਰ- 14 ਗਰੁੱਪ ਵਿੱਚ 16 ਅਤੇ ਲੜਕੀਆਂ ਦੇ ਅੰਡਰ-17 ਗਰੁੱਪ ਵਿਚ 17 ਟੀਮਾਂ ਸ਼ਾਮਲ ਹਨ। ਉਨ੍ਹਾਂ ਰਾਣਾ ਹਾਕੀ ਅਕੈਡਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੂੰ ਸਮਰਪਿਤ ਅਜਿਹੇ ਕਦਮ ਚੁੱਕਣਾ ਸਮੇਂ ਦੀ ਮੁੱਖ ਮੰਗ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਬਾਬਾ ਰਾਮ ਮੂਰਤੀ ਰਾਣਾ, ਹਾਕੀ ਅਕੈਡਮੀ ਦੇ ਸੰਚਾਲਕ ਰਣਜੀਤ ਰਾਣਾ, ਕੌਂਸਲਰ ਜਸਵੰਤ ਰਾਏ, ਸਾਬਕਾ ਮੰਤਰੀ ਤੀਕਸ਼ਨ ਸੂਦ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ, ਪ੍ਰੀਤਮ ਦਾਸ, ਭੂਸ਼ਨ ਕਪੂਰ, ਰਾਜੀਵ ਅਤੇ ਰਵੀ ਕੁਮਾਰ ਵੀ ਮੌਜੂਦ ਸਨ।