ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਦਸੰਬਰ
ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਵਿੱਚ ਪ੍ਰਿੰਸੀਪਲ ਅਮਰਜੋਤ ਕੌਰ ਅਤੇ ਡਾਇਰੈਕਟਰ ਦਵਿੰਦਰ ਕੌਰ ਦੀ ਅਗਵਾਈ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸਿੱਖੀ ਇਤਿਹਾਸ ਤੋਂ ਜਾਣੂ ਕਰਵਾਉਣ ਤੋਂ ਪਹਿਲਾਂ ਸ੍ਰੀ ਜਪੁ ਜੀ ਸਾਹਿਬ ਦੇ ਪਾਠ, ਸ਼ਬਦ ਗਾਇਣ, ਵਾਰਾਂ ਤੇ ਸਾਖੀ ਅਤੇ ਸ਼ਹਾਦਤ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਖ਼ਾਲਸਾ ਪੰਥ ਦੀ ਸਾਜਨਾ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਤੋਂ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਜ਼ਰੂਰਤਮੰਦਾਂ ਨੂੰ ਗ਼ਰਮ ਕੱਪੜੇ, ਬੂਟ ਜੁਰਾਬਾਂ ਅਤੇ ਕੰਬਲ ਆਦਿ ਵੰਡੇ ਗਏ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਲੇਹਲ ਕਲਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੀਬੀਆਂ ਅਤੇ ਬੱਚਿਆਂ ਵੱਲੋਂ ਮਿਲ ਕੇ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮਹਾਨ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ। ਇਸ ਤੋਂ ਇਲਾਵਾ ਦਸਤਾਰ ਮੁਕਾਬਲੇ, ਗੁਰਬਾਣੀ ਕੰਠ ਅਤੇ ਕਵੀਸ਼ਰੀ ਮੁਕਾਬਲੇ ਵੀ ਕਰਵਾਏ ਗਏ। ਪਹਿਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਹਾਜ਼ਰ ਸਕੂਲ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਅਕੈਡਮੀ ਲੇਹਲ ਕਲਾਂ, ਭੁਟਾਲ ਪਬਲਿਕ ਸਕੂਲ ਭੁਟਾਲ ਕਲਾਂ, ਬਾਬਾ ਬੰਦਾ ਸਿੰਘ ਬਹਾਦਰ ਸਕੂਲ ਬਖੋਰਾ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੇਹਲ ਕਲਾਂ ਦੇ ਮੁਖੀ ਹਾਜ਼ਰ ਸਨ। ਪ੍ਰਬੰਧਕਾਂ ਵਿੱਚ ਪ੍ਰਧਾਨ ਬਲਦੇਵ ਸਿੰਘ, ਸੈਕਟਰੀ ਨੈਬ ਸਿੰਘ, ਖਜ਼ਾਨਚੀ ਸੁਖਚੈਨ ਸਿੰਘ, ਗੁਰਪਿਆਰ ਸਿੰਘ ਹਜ਼ੂਰੀ ਕਥਾਵਾਚਕ, ਭਾਈ ਸੁਖਵੀਰ ਸਿੰਘ ਹੈੱਡ ਗ੍ਰੰਥੀ, ਪ੍ਰਿੰਸੀਪਲ ਪ੍ਰਦੀਪ ਕੁਮਾਰ, ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਅਤੇ ਮਾਸਟਰ ਗੁਰਜੀਤ ਸਿੰਘ ਭੁਟਾਲ ਹਾਜ਼ਰ ਸਨ।
ਨਵਾਬ ਫਾਊਂਡੇਸ਼ਨ ਸਕੂਲ ਬਾਂਗੜਾਂ ਵਿੱਚ ਸਮਾਗਮ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਨਵਾਬ ਫਾਊਂਡੇਸ਼ਨ ਸਕੂਲ ਬਾਂਗੜਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਜਿਸ ਉਪਰੰਤ ਬੱਚਿਆਂ ਨੇ ਬਹੁਤ ਸੋਹਣੇ ਲਹਿਜ਼ੇ ਵਿੱਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਹਾਊਸ ਵਾਈਜ਼ ਕਵੀਸ਼ਰੀ, ਢਾਡੀ ਵਾਰਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਉਪਰੰਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਗਿਰ ਅਤੇ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਹਮੇਸ਼ਾਂ ਸੱਚ ਦੇ ਰਾਹ ਉੱਤੇ ਚੱਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਕਿਸੇ ਦੇ ਵੀ ਦਿੱਤੇ ਲਾਲਚ ਵਿੱਚ ਆ ਕੇ ਕੋਈ ਗਲਤ ਫ਼ੈਸਲਾ ਨਹੀਂ ਲੈਣਾ ਚਾਹੀਦਾ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਰਾਜਪਾਲ, ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ
ਧੂਰੀ (ਨਿੱਜੀ ਪੱਤਰ ਪ੍ਰੇਰਕ): ਬਾਬਾ ਫ਼ਤਹਿ ਸਿੰਘ ਯੂਥ ਕਲੱਬ ਧੂਰੀ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਨਗਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸੰਗਰੂਰ ਰੋਡ, ਲੋਹਾ ਬਾਜ਼ਾਰ, ਮਾਲੇਰਕੋਟਲਾ ਰੋਡ, ਗੁਰਦੁਆਰਾ ਰਾਮਗੜ੍ਹੀਆ ਰੋਡ ਅਤੇ ਬੱਸ ਸਟੈਂਡ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗੁਜਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਜਿੱਥੇ ਰਾਗੀ ਜਥਿਆਂ ਵੱਲੋਂ ਗੁਰੂ ਜਸ ਗਾਇਣ ਕੀਤਾ ਗਿਆ, ਉੱਥੇ ਢਾਡੀ ਜਥਿਆਂ ਵੱਲੋਂ ਗੁਰ ਇਤਿਹਾਸ ਸੁਣਾਇਆ ਗਿਆ। ਇਸ ਮੌਕੇ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਰਸਤੇ ਵਿੱਚ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਸਿਟੀ ਪੁਲੀਸ ਧੂਰੀ ਦੀ ਪੁਲੀਸ ਟੁਕੜੀ ਵੱਲੋਂ ਐੱਸਐੱਚਓ ਇੰਸਪੈਕਟਰ ਜਸਵੀਰ ਸਿੰਘ ਤੂਰ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਗਈ। ਨਗਰ ਕੀਰਤਨ ਦੌਰਾਨ ਮੁੱਖ ਮੰਤਰੀ ਕੈਂਪਸ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੋੜ ਨੇ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ।Advertisement